ਵਾਤਾਵਰਨ ਨਿਯਮਾਂ ਦੀ ਉਲੰਘਣਾ ਕਾਰਨ ਨਿਗਮ ਨੂੰ ਛੇ ਲੱਖ ਦਾ ਹੋਰ ਜੁਰਮਾਨਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਨਿਗਰਾਨੀ ਹੇਠ ਕਾਇਮ ਕੀਤੀ ਤਿੰਨ ਮੈਂਬਰੀ ਕਮੇਟੀ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ’ਤੇ ਨਗਰ ਨਿਗਮ ਪਟਿਆਲਾ ਨੂੰ 6 ਲੱਖ ਰੁਪਏ ਦਾ ਹੋਰ ਜੁਰਮਾਨਾ ਲਾਇਆ ਹੈ।
ਵਾਤਾਵਰਨ ਇੰਜਨੀਅਰ ਪਰਵੀਨ ਸਲੂਜਾ, ਗੁਰਕਰਨ ਸਿੰਘ ਅਤੇ ਧਰਮਵੀਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਨੇ ਨਗਰ ਨਿਗਮ ਨੂੰ ਪਹਿਲਾਂ ਲਾਏ ਗਏ 55 ਲੱਖ ਰੁਪਏ ਦੇ ਜੁਰਮਾਨੇ ’ਚੋਂ 16 ਲੱਖ ਰੁਪਏ ਦਾ ਭੁਗਤਾਨ ਕਰਨ ਦੀ ਹਦਾਇਤ ਕੀਤੀ ਹੈ।
ਇਸ ਤਾਜ਼ਾ ਕਾਰਵਾਈ ਨਾਲ ਪਟਿਆਲਾ ਨਗਰ ਨਿਗਮ ’ਤੇ ਲਾਇਆ ਜੁਰਮਾਨਾ ਹੁਣ 61 ਲੱਖ ਰੁਪਏ ਹੋ ਗਿਆ ਹੈ ਜਿਸ ’ਚੋਂ ਹੁਣ ਤੱਕ 39 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਹੁਣ ਨਿਗਮ ਵੱਲ 21 ਲੱਖ ਰੁਪਏ ਜੁਰਮਾਨਾ ਬਕਾਇਆ ਹੈ। ਐੱਨਜੀਟੀ ਨੇ ਨਗਰ ਨਿਗਮ ਨੂੰ ਸਨੌਰੀ ਅੱਡੇ ਨੇੜੇ ਕੂੜਾ ਡੰਪ ਦੇ ਆਲੇ-ਦੁਆਲੇ ਚਾਰਦੀਵਾਰੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ ਤਾਂ ਜੋ ਰਹਿੰਦ-ਖੂੰਹਦ ਨੂੰ ਪਟਿਆਲਾ ਨਦੀ ਵਿੱਚ ਡਿੱਗਣ ਤੋਂ ਰੋਕਿਆ ਜਾ ਸਕੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਨੂੰ ਆਪਣੀ ਕੂੜੇ ਦਾ ਨਿਪਟਾਰਾ ਕਰਨ ਸਮਰੱਥਾ ਵਧਾਉਣ ਲਈ ਵੀ ਕਿਹਾ ਹੈ। ਇਸ ਵੇਲੇ ਨਗਰ ਨਿਗਮ ਪ੍ਰਤੀ ਦਿਨ 263 ਮੀਟ੍ਰਿਕ ਟਨ ਬਾਇਓ-ਰੈਮੀਡੀਏਸ਼ਨ ਕਰ ਰਿਹਾ ਹੈ, ਜਦੋਕਿ ਇਸ ਦੀ ਸਮਰੱਥਾ 1,000 ਮੀਟ੍ਰਿਕ ਟਨ ਪ੍ਰਤੀ ਦਿਨ ਹੈ। ਨਗਰ ਨਿਗਮ ਨੇ ਐੱਨਜੀਟੀ ਨੂੰ ਸੌਂਪੀ ਰਿਪੋਰਟ ਵਿੱਚ ਕਿਹਾ ਕਿ ਉਹ ਮੌਨਸੂਨ ਸੀਜ਼ਨ ਕਾਰਨ 30 ਸਤੰਬਰ ਤੱਕ ਬਾਕੀ 1.43 ਲੱਖ ਮੀਟ੍ਰਿਕ ਟਨ ਰਹਿੰਦ-ਖੂੰਹਦ ਦਾ ਨਿਪਟਾਰਾ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਪਿੰਡ ਦੌਧਰ ਵਿੱਚ ਤਜਵੀਜ਼ਤ ਬਾਇਓਗੈਸ ਪਲਾਂਟ ਹਾਲੇ ਤੱਕ ਸਥਾਪਤ ਨਹੀਂ ਕੀਤਾ ਗਿਆ। ਨਗਰ ਨਿਗਮ ਨੇ ਕੂੜਾ ਡੰਪ ’ਤੇ ਅੱਗ ਲੱਗਣ ਦੀਆਂ ਵਾਪਰਦੀਆਂ ਛੋਟੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਵਿੱਚ ਆਪਣੀ ਅਸਫ਼ਲਤਾ ਸਵੀਕਾਰੀ ਹੈ ਹਾਲਾਂਕਿ ਹੁਣ ਤੱਕ ਅੱਗ ਦੀ ਕੋਈ ਵੱਡੀ ਘਟਨਾ ਨਹੀਂ ਵਾਪਰੀ। ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ’ਚ 219 ਟਨ ਕੂੜਾ ਪ੍ਰਤੀ ਦਿਨ ਪੈਦਾ ਹੁੰਦਾ ਹੈ, ਜਦੋਂ ਕਿ ਨਗਰ ਨਿਗਮ ਦੀ ਪ੍ਰੋਸੈਸਿੰਗ ਸਮਰੱਥਾ 195 ਟੀਪੀਡੀ ਹੈ। ਰੋਜ਼ਾਨਾ ਪੈਦਾ ਹੋਣ ਵਾਲੇ ਕੁੱਲ ਕੂੜੇ ਵਿੱਚੋਂ 133 ਟੀਪੀਡੀ ਗਿੱਲਾ ਕੂੜਾ ਹੈ ਅਤੇ 86 ਟੀਪੀਡੀ ਸੁੱਕਾ ਕੂੜਾ ਹੈ। ਸ਼ਹਿਰ ਵਿੱਚ ਪਹਿਲਾਂ 42 ਥਾਵਾਂ ’ਤੇ ਕੂੜਾ ਇਕੱਠਾ ਕੀਤਾ ਜਾਂਦਾ ਸੀ ਜਿਨ੍ਹਾਂ ਵਿੱਚੋਂ 21 ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਨਗਰ ਨਿਗਮ ਨੇ ਤਿੰਨ ਏਕੜ ਜ਼ਮੀਨ ਦੀ ਪਛਾਣ ਕੀਤੀ ਹੈ ਜਿੱਥੇ ਠੋਸ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ।