ਨਿਗਮ ਵੱਲੋਂ ਚਾਰ ਦਰਜਨ ਤੋਂ ਵੱਧ ਪ੍ਰਾਜੈਕਟਾਂ ਨੂੰ ਮਨਜ਼ੂਰੀ
ਅੈੱਫ ਐਂਡ ਸੀ ਸੀ ਮੀਟਿੰਗ ’ਚ ਵਿਕਾਸ ਕਾਰਜਾਂ ਲਈ 5,286 ਲੱਖ ਦੇ ਫੰਡ ਪਾਸ; ਕੌਂਸਲਰਾਂ ਦਿੱਤੇ ਜਾਣਗੇ ਆਈ ਪੈੈਡ
ਅੱਜ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ (ਆਈ ਏ ਐੱਸ) ਦੀ ਅਗਵਾਈ ’ਚ ਨਗਰ ਨਿਗਮ ਦੀ ਐੱਫ ਐਂਡ ਸੀ ਸੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ 5286 ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਨਿਗਮ ਦਾ ਆਮ ਬਜਟ ਨਾ ਹੋ ਕੇ ਸ਼ਹਿਰ ਵਿਚਲੇ ਚਾਰ ਦਰਜਨ ਤੋਂ ਵੱਧ ਮੁੱਖ ਪ੍ਰਾਜੈਕਟਾਂ ਲਈ ਲੋੜੀਂਦੇ ਫੰਡਾਂ ਨੂੰ ਮਨਜ਼ੂਰੀ ਦੇਣ ’ਤੇ ਆਧਾਰਿਤ ਕਾਰਵਾਈ ਹੈ। ਇਸ ਅਹਿਮ ਮੀਟਿੰਗ ਵਿਚ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਜੱਗਾ ਸਣੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ, ਨਿਗਰਾਨ ਇੰਜਨੀਅਰ ਜਤਿੰਦਰਪਾਲ ਸਿੰਘ ਤੇ ਰਾਜਿੰਦਰ ਚੋਪੜਾ, ਸੁਪਰਡੰਟ ਸੰਜੀਵ ਗਰਗ ਤੇ ਕਮਿਸ਼ਨਰ ਦੇ ਪੀ ਏ ਕ੍ਰਿਸ਼ਨ ਕੁਮਾਰ ਵੀ ਮੌਜੂਦ ਸਨ। ਬਜਟ ਦੇ ਤਹਿਤ ਸ਼ਹਿਰ ਵਿੱਚ ਚਾਰ ਦਰਜਨ ਤੋਂ ਵੱਧ ਮੁੱਖ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਵਾਰਡ 1, 2, 3, 5 ਅਤੇ 7 ਵਿੱਚ ਸੜਕਾਂ ਦੇ ਨਿਰਮਾਣ ਲਈ ਕਈ ਲੱਖਾਂ ਜਾਰੀ ਕੀਤੇ ਗਏ। ਵਾਰਡ 24 ਅਤੇ 26 ਵਿੱਚ ਡਰੇਨੇਜ਼, ਪਾਣੀ ਸਪਲਾਈ ਅਤੇ ਸੈਨੀਟੇਸ਼ਨ ਨਾਲ ਸਬੰਧਤ ਕਈ ਪੈਂਡਿੰਗ ਪ੍ਰਾਜੈਕਟਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ। ਇਸ ਦੇ ਨਾਲ ਵਾਰਡ 44, 48, 55 ਅਤੇ 60 ਵਿੱਚ ਸੜਕਾਂ, ਸਟਰੀਟ ਲਾਈਟਾਂ ਅਤੇ ਨਵੀਆਂ ਲਾਈਨਾਂ ਦੇ ਕੰਮਾਂ ਲਈ ਰਕਮ ਰਿਲੀਜ਼ ਕੀਤੀ ਗਈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਟੈਕਸ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ’ਤੇ ਹੀ ਖਰਚ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਵੱਖ-ਵੱਖ ਪਹਿਲੂਆਂ ਦੇ ਤਹਿਤ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨੀ ਲਾਜ਼ਮੀ ਸੀ। ਇਸ ਲਈ ਬਜਟ ਨੂੰ ਤੁਰੰਤ ਮਨਜ਼ੂਰੀ ਦੇ ਕੇ ਨਵੰਬਰ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਕਮਿਸ਼ਨਰ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸਾਰੇ ਕੰਮਾਂ ਨੂੰ ਮਿਆਰ ਅਨੁਸਾਰ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇ, ਨਹੀਂ ਤਾਂ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰੀ ਪ੍ਰਸ਼ਾਸਨ ਦੇ ਕੰਮਕਾਜ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਉਣ ਲਈ ਕੌਂਸਲਰਾਂ ਨੂੰ ਟੈਬ ਮੁਹੱਈਆ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਟੈਬ ਨਾਲ ਕੌਂਸਲਰ ਮੀਟਿੰਗ ਏਜੰਡੇ, ਫਾਈਲਾਂ, ਬਿੱਲਾਂ ਅਤੇ ਪ੍ਰਾਜੈਕਟ ਰਿਪੋਰਟਾਂ ਨੂੰ ਤੁਰੰਤ ਦੇਖ ਸਕਣਗੇ, ਜਿਸ ਨਾਲ ਕਾਗਜ਼ੀ ਕਾਰਵਾਈ ਘਟੇਗੀ ਅਤੇ ਸਮੇਂ ਦੀ ਬੱਚਤ ਹੋਵੇਗੀ। ਵਿਕਾਸ ਕਾਰਜਾਂ ਦੀ ਨਿਗਰਾਨੀ ਵੀ ਔਖੀਂ ਨਹੀਂ ਰਹੇਗੀ ਕਿਉਂਕਿ ਸਾਈਟ ਦੇ ਫੋਟੋ, ਵੀਡੀਓ ਅਤੇ ਰਿਪੋਰਟ ਤੁਰੰਤ ਅਪਲੋਡ ਕੀਤੇ ਜਾ ਸਕਣਗੇ। ਇਸ ਡਿਜੀਟਲ ਪ੍ਰਣਾਲੀ ਨਾਲ ਫ਼ੈਸਲੇ ਲੈਣ ਦੀ ਗਤੀ ਤੇ ਕੰਮ ਦੀ ਕੁਸ਼ਲਤਾ ਵਧਣ ਦੀ ਉਮੀਦ ਹੈ।

