ਕੰਟਰੈਕਟ ਅਧਿਆਪਕਾਂ ਵੱਲੋਂ ਤਨਖ਼ਾਹ ਵਧਾਉਣ ਦੀ ਮੰਗ
ਪੰਜਾਬੀ ਯੂਨੀਵਰਸਿਟੀ ਕਾਲਜ ਘਨੌਰ ਦੇ ਕੰਟਰੈਕਟ ਅਧਿਆਪਕਾਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੂੰ ਯੂਜੀਸੀ ਦੇ ਨਿਯਮਾਂ ਅਨੁਸਾਰ ਤਨਖ਼ਾਹ ਦੇਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਹ ਅਧਿਆਪਕ ਯੂਨੀਵਰਸਿਟੀ ਕਾਲਜ ਘਨੌਰ ਵਿੱਚ ਲੰਬੇ ਸਮੇਂ ਤੋਂ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੀ ਵਿਦਿਅਕ ਯੋਗਤਾਵਾਂ ਅਤੇ ਭਰਤੀ ਪ੍ਰਕਿਰਿਆ ਪੰਜਾਬ ਸਰਕਾਰ ਅਤੇ ਯੂਜੀਸੀ ਦੇ ਨਿਯਮਾਂ ਅਨੁਸਾਰ ਹੈ। ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯੂਜੀਸੀ 2018 ਦੇ ਰੈਗੂਲੇਸ਼ਨ ਨਿਯਮ ਨੂੰ 2022 ਵਿੱਚ ਲਾਗੂ ਕਰ ਦਿੱਤਾ ਸੀ। ਯੂਨੀਵਰਸਿਟੀ ਅਥਾਰਿਟੀ ਵੱਲੋਂ ਰੈਗੂਲਰ ਅਤੇ ਗਸਟ ਫੈਕਲਟੀ ਅਧਿਆਪਕਾਂ ਦੀ ਤਨਖ਼ਾਹ ਵਿਚ ਇਸ ਰੈਗੂਲੇਸ਼ਨ ਅਨੁਸਾਰ ਵਾਧਾ ਕਰ ਦਿੱਤਾ ਗਿਆ ਸੀ ਪਰ ਕੰਟਰੈਕਟ ਅਧਿਆਪਕਾਂ ’ਤੇ ਅਜੇ ਤੱਕ ਇਹ ਰੈਗੂਲੇਸ਼ਨ ਲਾਗੂ ਨਹੀਂ ਕੀਤਾ ਗਿਆ। ਯੂਜੀਸੀ 2018 ਦੇ ਰੈਗੂਲੇਸ਼ਨ ਅਨੁਸਾਰ ਕੰਟਰੈਕਟ ਅਧਿਆਪਕ ਦੀ ਤਨਖਾਹ ਰੈਗੂਲਰ ਅਧਿਆਪਕ ਨਾਲੋਂ ਘੱਟ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।