ਪਟਿਆਲਾ ਸ਼ਹਿਰ ਦੀਆਂ ਸੜਕਾਂ ਬਣਨੀਆਂ ਸ਼ੁਰੂ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰੀ ਹਲਕੇ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੋਹਲੀ ਨੇ ਦੱਸਿਆ ਕਿ 40 ਕਰੋੜ ਰੁਪਏ ਵਿੱਚ 10 ਕਰੋੜ ਰੁਪਏ ਨਗਰ ਨਿਗਮ, 10 ਕਰੋੜ ਰੁਪਏ ਲੋਕ ਨਿਰਮਾਣ ਵਿਭਾਗ ਅਤੇ 20 ਕਰੋੜ ਰੁਪਏ ਨੈਸ਼ਨਲ ਹਾਈਵੇਅ ਦੇ ਕੰਮਾਂ ਲਈ ਖਰਚੇ ਜਾਣਗੇ। ਇਨ੍ਹਾਂ ਕੰਮਾਂ ਵਿੱਚ ਸੜਕਾਂ ਦੀ ਮੁਰੰਮਤ, ਨਵੀਆਂ ਲਾਈਨਾਂ ਪਾਉਣ ਅਤੇ ਹੋਰ ਬੁਨਿਆਦੀ ਢਾਂਚੇ ਵਿੱਚ ਸੁਧਾਰ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੰਮ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰੇ ਕੰਮ ਕਾਗਜ਼ੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ੁਰੂ ਕੀਤੇ ਗਏ ਹਨ ਅਤੇ ਹੁਣ ਇਹ ਕੰਮ ਬਿਨਾਂ ਕਿਸੇ ਰੁਕਾਵਟ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਲਏ ਜਾਣਗੇ। ਵਿਧਾਇਕ ਕੋਹਲੀ ਨੇ ਇਨ੍ਹਾਂ ਸੜਕਾਂ ਵਿੱਚ ਫੁਆਰਾ ਚੌਕ ਤੋਂ ਲੈ ਕੇ ਲੀਲਾ ਭਵਨ, ਬੱਸ ਅੱਡੇ ਤੋਂ ਦੂਖਨਿਵਾਰਨ ਸਾਹਿਬ, ਖੰਡਾ ਚੌਕ, ਬੱਸ ਅੱਡਾ, ਕਾਰਨਰ ਹੋਟਲ, ਸ਼ੇਰੇਵਾਲਾ ਗੇਟ, ਗੋਪਾਲ ਸਵੀਟਸ , ਬਡੂੰਗਰ, ਮਜੀਠੀਆ ਐਕਲੇਵ, ਪ੍ਰਤਾਪ ਨਗਰ, ਅਬਲੋਵਾਲ ਤੇ ਸਨੌਰੀ ਅੱਡਾ ਆਦਿ ਸਥਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਡਰੇਨੇਜ ਲਾਈਨਾਂ ਅਤੇ ਪਾਣੀ ਲਈ ਪਾਈਲਾਈਆਂ ਪਾਉਣ ਸ਼ਾਮਲ ਹਨ। ਵਿਧਾਇਕ ਕੋਹਲੀ ਨੇ ਇਕ ਵਾਰ ਫਿਰ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ ਜੋ ਅਸੁਵਿਧਾਵਾਂ ਨੂੰ ਬਰਦਾਸ਼ਤ ਕਰ ਰਹੇ ਹਨ।