ਕਾਂਗਰਸੀ ਆਗੂ ਸਟੇਜ ’ਤੇ ਚੜ੍ਹਨ ਲਈ ਉਲਝੇ
ਕਾਂਗਰਸ ਵੱਲੋਂ ਇੱਥੇ ਮਿਲਣ ਪੈਲੇਸ ਵਿੱਚ ਰੱਖੇ ਇਕੱਠ ਵਿੱਚ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਕੋ- ਇੰਚਾਰਜ ਪੰਜਾਬ ਰਵਿੰਦਰ ਡਾਲਵੀ ਨੇ ਸ਼ਿਰਕਤ ਕੀਤੀ। ਇਸ ਮੌਕੇ ਟਿਕਟ ਦੇ ਚਾਹਵਾਨਾਂ ਦੇ ਸਮਰਥਕਾਂ ਵਿਚਕਾਰ ਸਟੇਜ ’ਤੇ ਚੜ੍ਹਨ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਸ੍ਰੀ ਡਾਲਵੀ ਕਰੀਬ ਸਵਾ ਦੋ ਘੰਟੇ ਦੀ ਦੇਰੀ ਨਾਲ ਮੀਟਿੰਗ ਵਿੱਚ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਆਏ ਸੀਨੀਅਰ ਆਗੂਆਂ ਤੋਂ ਇਲਾਵਾ ਸਿਰਫ ਬਲਾਕ ਪ੍ਰਧਾਨਾਂ ਨੂੰ ਸਟੇਜ ’ਤੇ ਆਉਣ ਦੀ ਇਜਾਜ਼ਤ ਦਿੱਤੀ ਗਈ। ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਸਟੇਜ ’ਤੇ ਚਲੇ ਗਏ ਪਰ ਟਿਕਟ ਦੇ ਦੂਜੇ ਚਾਹਵਾਨ ਨਛੱਤਰ ਸਿੰਘ ਅਰਾਈਮਾਜਰਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਟੇਜ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਸਮਰਥਕਾਂ ਵਿਚਕਾਰ ਕਸ਼ਮਕਸ਼ ਵੱਧ ਗਈ ਅਤੇ ਗੱਲ ਧੱਕੇਮੁੱਕੀ ਤੱਕ ਪਹੁੰਚ ਗਈ। ਇਸ ਕਾਰਨ ਪੁਲੀਸ ਨੂੰ ਮੌਕਾ ਸੰਭਾਲਣਾ ਪਿਆ। ਇਸ ਮੌਕੇ ਸ੍ਰੀ ਡਾਲਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਬਹੁਤ ਵੱਡਾ ਸੰਗਠਨ ਹੈ। ਇਸ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨਾ ਸਭ ਤੋਂ ਅਹਿਮ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਸਟੇਜ ’ਤੇ ਚੜ੍ਹਨ ਨੂੰ ਲੈ ਕੇ ਕੁਝ ਲੀਡਰਾਂ ਵਿਚਕਾਰ ਖਿੱਚੋਤਾਣ ਹੋਈ। ਉਨ੍ਹਾਂ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚੋਂ ਅਨੁਸ਼ਾਸਨਹੀਨਤਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਲਈ ਜੇ ਕੋਈ ਅਨੁਸ਼ਾਸਨ ਭੰਗ ਕਰਦਾ ਹੈ ਤਾਂ ਉਸ ਲਈ ਬਾਹਰ ਦੇ ਰਸਤੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ‘ਆਪ’ ਸਰਕਾਰ ਲੋਕਾਂ ਨੂੰ ਲੁੱਟਣ ’ਤੇ ਲੱਗੀ ਹੋਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਵਰਕਰਾਂ ਅਤੇ ਆਗੂਆਂ ਦੀ ਬਹੁਤਾਤ ਹੋਵੇਗੀ ਉੱਥੇ ਥੋੜ੍ਹਾ ਬਹੁਤ ਵਿਰੋਧ ਵੀ ਆਪਸ ਵਿੱਚ ਹੁੰਦਾ ਰਹਿੰਦਾ ਹੈ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜੀ, ਯੂਥ ਆਗੂ ਸਿਕੰਦਰ ਸਿੰਘ ਦੁਤਾਲ, ਨਗਰ ਕੌਂਸਲ ਪਾਤੜਾਂ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਅਰੋੜਾ ਬਿੱਲਾ, ਨਰਿੰਦਰ ਸਿੰਗਲਾ ਹਾਜ਼ਰ ਸਨ।