ਕਾਂਗਰਸੀਆਂ ਤੇ ਅਕਾਲੀਆਂ ਨੇ ‘ਆਪ’ ਖ਼ਿਲਾਫ਼ ਧੱਕੇਸ਼ਾਹੀ ਦੇ ਦੋਸ਼ ਲਾਏ
ਵਿਧਾਨ ਸਭਾ ਹਲਕੇ ਸਨੌਰ ਦੇ ਅਧੀਨ ਆਉਂਦੀਆਂ ਸਨੌਰ ਅਤੇ ਭੁਨਰਹੇੜੀ ਦੋ ਪੰਚਾਇਤ/ਬਲਾਕ ਸਮਿਤੀਆਂ ਦੇ ਕੁੱਲ 38 ਜ਼ੋਨਾਂ ਲਈ ਅੱਜ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ 97 ਉਮੀਦਵਾਰਾਂ ਨੇ ਫਾਰਮ ਭਰੇ ਹਨ। ਸਨੌਰ ਬਲਾਕ ਸਮਿਤੀ ਲਈ ਅੱਜ 41 ਨਾਮਜ਼ਦਗੀਆਂ ਆਈਆਂ, ਜਿਸ ਨਾਲ...
ਵਿਧਾਨ ਸਭਾ ਹਲਕੇ ਸਨੌਰ ਦੇ ਅਧੀਨ ਆਉਂਦੀਆਂ ਸਨੌਰ ਅਤੇ ਭੁਨਰਹੇੜੀ ਦੋ ਪੰਚਾਇਤ/ਬਲਾਕ ਸਮਿਤੀਆਂ ਦੇ ਕੁੱਲ 38 ਜ਼ੋਨਾਂ ਲਈ ਅੱਜ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ 97 ਉਮੀਦਵਾਰਾਂ ਨੇ ਫਾਰਮ ਭਰੇ ਹਨ। ਸਨੌਰ ਬਲਾਕ ਸਮਿਤੀ ਲਈ ਅੱਜ 41 ਨਾਮਜ਼ਦਗੀਆਂ ਆਈਆਂ, ਜਿਸ ਨਾਲ ਕੁੱਲ ਗਿਣਤੀ 55 ਹੋ ਗਈ। ਭੁਨਰਹੇੜੀ ਪੰਚਾਇਤ ਸਮਿਤੀ ਲਈ ਕੁੱਲ 42 ਨਾਮਜ਼ਦਗੀਆਂ ਦਾਖ਼ਲ ਹੋਈਆਂ, ਜਿਨ੍ਹਾਂ ਵਿੱਚੋਂ ਸੱਤ ਪਹਿਲਾਂ ਤੇ 35 ਅੱਜ ਆਈਆਂ। ਦੱਸ ਦੇਈਏ ਕਿ ਸਨੌਰ ਵਿਧਾਨ ਸਭਾ ਹਲਕੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਹਲਕਿਆਂ ਵਿੱਚੋਂ ਸਭ ਤੋਂ ਵੱਧ 38 ਜ਼ੋਨ ਹਨ।
ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅੱਜ ਕਾਂਗਰਸੀਆਂ ਤੇ ਅਕਾਲੀਆਂ ਸਣੇ ਹੋਰ ਵਿਰੋਧੀ ਧਿਰਾਂ ਨੇ ਸੱਤਾਧਾਰੀ ਧਿਰ ’ਤੇ ਧਾਂਦਲੀਆਂ, ਵਧੀਕੀਆਂ ਤੇ ਧੱਕੇਸ਼ਾਹੀਆਂ ਦੇ ਦੋਸ਼ ਵੀ ਲਾਏ।
ਭਾਵੇਂ ‘ਆਪ’ ਵੱਲੋਂ ਸਾਰੇ ਜ਼ੋਨਾਂ ’ਤੇ ਉਮੀਦਵਾਰ ਉਤਾਰੇ ਗਏ ਹਨ, ਜਿਸ ਦੀ ‘ਆਪ’ ਦੇ ਹਲਕਾ ਇੰਚਾਰਜ ਰਣਜੋਧ ਹਡਾਣਾ ਨੇ ਪੁਸ਼ਟੀ ਕੀਤੀ ਹੈ ਪਰ ਵਿਰੋਧੀ ਧਿਰਾਂ ਦੇ ਆਗੂਆਂ ਮੁਤਾਬਕ ‘ਆਪ’ ਕਾਰਕੁਨਾਂ ਵੱਲੋਂ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ ਜਾਂ ਪਾੜਨ ਕਰਕੇ ਉਹ ਸਾਰੇ ਜ਼ੋਨਾਂ ’ਤੇ ਉਮੀਦਵਾਰ ਨਹੀਂ ਖੜ੍ਹੇ ਕਰ ਸਕੇ।
ਸਨੌਰ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਪੁਨਰਸੁਰਜੀਤ ਦੇ ਆਗੂ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦੇ 18 ਉਮੀਦਵਾਰਾਂ ਨੂੰ ਨਾਮਜ਼ਦਗੀਆਂ ਨਹੀਂ ਭਰਨ ਦਿੱਤੀਆਂ ਗਈਆਂ। ਇਸੇ ਤਰ੍ਹਾਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਦੀ ਪਾਰਟੀ ਦੇ ਮਸਾਂ 10 ਕੁ ਉਮੀਦਵਾਰ ਹੀ ਨਾਮਜ਼ਦਗੀ ਫਾਰਮ ਭਰ ਸਕੇ।
ਕਾਂਗਰਸ ਨੇਤਾ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਜਿਹੜੇ ਕਾਂਗਰਸੀ ਵਰਕਰ ਲਾਈਨਾਂ ’ਚ ਲੱਗੇ ਹੋਏ ਸਨ ਉਨ੍ਹਾਂ ਨੂੰ ਪੁਲੀਸ ਤੇ ‘ਆਪ’ ਕਾਰਕੁਨਾਂ ਨੇ ਜਬਰੀ ਲਾਈਨਾਂ ਵਿੱਚੋਂ ਧਕੇਲਦਿਆਂ ਬਾਹਰ ਭੇਜ ਦਿੱਤਾ ਤੇ ਫਿਰ ਟਾਈਮ ਓਵਰ ਹੋਣ ਦੇ ਹਵਾਲੇ ਨਾਲ ਕੇਂਦਰ ਦੇ ਅੰਦਰ ਹੀ ਨਹੀਂ ਵੜਨ ਦਿੱਤਾ।
ਸਿਰਫ਼ ਚਾਰ ਉਮੀਦਵਾਰਾਂ ਨੇ ਫਾਰਮ ਭਰੇ: ਵਿਰਕ
ਸਨੌਰ ਤੋਂ ਅਕਾਲੀ ਦਲ ਦੇ ਆਗੂ ਰਾਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਸ ਦੇ ਸਿਰਫ਼ ਚਾਰ ਉਮੀਦਵਾਰਾਂ ਦੇ ਹੀ ਨਾਮਜ਼ਦਗੀ ਫਾਰਮ ਭਰਨ ਦਿੱਤੇ ਗਏ ਹਨ, ਬਾਕੀਆਂ ਦੇ ਖੋਹ ਲਏ ਜਾਂ ਫਿਰ ਪਾੜ ਦਿੱਤੇ ਗਏ ਜਾਂ ਕਈਆਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ। ਇਸੇ ਤਰ੍ਹਾਂ ਬਾਦਲ ਦਲ ਦੇ ਕ੍ਰਿਸ਼ਨ ਸਿੰਘ ਸਨੌਰ ਨੇ ਵੀ ਅਜਿਹੇ ਦੋਸ਼ ਲਾਏ ਹਨ। ਸਨੌਰ ਤੋਂ ਭਾਜਪਾ ਦੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਚਹਿਲ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਨੇ ਉਨ੍ਹਾਂ ਦੇ ਕਈ ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਨਾ ਭਰਨ ਦੇਣ ਦੇ ਦੋਸ਼ ਲਾਏ ਹਨ।
ਵਿਰੋਧੀ ਧਿਰਾਂ ਨੂੰ ਉਮੀਦਵਾਰ ਹੀ ਨਹੀਂ ਲੱਭੇ: ਵਿਧਾਇਕ
ਨਾਮਜ਼ਦਗੀ ਫਾਈਲਾਂ ਖੋਹਣ ਸਬੰਧੀ ਘਨੌਰ ਪੁਲੀਸ ਨੇ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਵੀ ਅਮਲ ’ਚ ਲਿਆਂਦੀ ਹੈ। ਇਸ ਸਬੰਧੀ ਫਾਈਲ ਲੈ ਕੇ ਭੱਜ ਰਹੇ ਇੱਕ ਵਿਅਕਤੀ ਦੀ ਵੀਡੀਓ ਵੀ ਵਧੇਰੇ ਫਾਇਰਲ ਹੋ ਰਹੀ ਹੈ। ਉਧਰ ‘ਆਪ’ ਵਿਧਾਇਕ ਗੁਰਲਾਰ ਘਨੌਰ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹ ਵੀ ਹੈ ਕਿ ਵਿਰੋਧੀ ਧਿਰਾਂ ਨੂੰ ਕਈ ਜ਼ੋਨਾਂ ’ਤੇ ਉਮੀਦਵਾਰ ਹੀ ਨਹੀਂ ਲੱਭੇ ਤੇ ਡੰਮੀ ਉਮੀਦਵਾਰਾਂ ਵਜੋਂ ਪੇਸ਼ ਕੀਤੇ ਕੁਝ ਦੇ ਇਨ੍ਹਾਂ ਨੇ ਖੁਦ ਹੀ ਫਾਰਮ ਪਾੜ ਦਿੱਤੇ।

