ਕਾਂਗਰਸੀ ਵਰਕਰਾਂ ਵੱਲੋਂ ਧੱਕੇਸ਼ਾਹੀ ਖ਼ਿਲਾਫ਼ ਪ੍ਰਦਰਸ਼ਨ
ਡੀ ਸੀ ਤੇ ਐੱਸ ਐੱਸ ਪੀ ਨੂੰ ਬਦਲਣ ਅਤੇ ਜ਼ਿਲ੍ਹੇ ਦੀਆਂ ਚੋਣਾਂ ਰੱਦ ਕਰਨ ਦੀ ਮੰਗ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ। ਇਸ ਵੇਲੇ ਪਟਿਆਲਾ ਦੇ ਡੀ ਸੀ ਅਤੇ ਐੱਸ ਐੱਸ ਪੀ ਨੂੰ ਬਦਲਣ ਦੀ ਮੰਗ ਵੀ ਉੱਠੀ ਹੈ। ਅੱਜ ਇੱਥੇ ਕਾਂਗਰਸ ਨੇ ਪ੍ਰਦਰਸ਼ਨ ਕਰਦਿਆਂ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਏ ਹਨ।
ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਜਿਵੇਂ ਇੱਥੇ ਪੁਲੀਸ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਧੱਕੇਸ਼ਾਹੀ ਕੀਤੀ ਹੈ ਤਾਂ ਚੋਣ ਕਮਿਸ਼ਨ ਪਟਿਆਲਾ ਦੀਆਂ ਚੋਣਾਂ ਤੁਰੰਤ ਰੱਦ ਕਰੇ ਤੇ ਦੁਬਾਰਾ ਸਖ਼ਤ ਪਹਿਰਿਆਂ ਵਿਚ ਕਾਗ਼ਜ਼ ਦਾਖਲ ਕਰਵਾਏ। ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਲੋਕਤੰਤਰ ਨੂੰ ਬਹਾਲ ਰੱਖਣ ਦੀ ਦੁਹਾਈ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਹੁਣ ਲੋਕਤੰਤਰ ਦੀਆਂ ਸਾਰੀਆਂ ਕਦਰਾਂ-ਕੀਮਤਾਂ ਦਾ ਨਾਸ ਕਰ ਦਿੱਤਾ ਹੈ, ਜਿਵੇਂ ਮਨੀਸ਼ ਸਸੋਦੀਆ ਨੇ ਕਿਹਾ ਸੀ ਕਿ ‘ਸ਼ਾਮ, ਦਾਮ, ਦੰਡ, ਭੇਦ’ ਨਾਲ ਹਰ ਹੀਲੇ ਚੋਣਾਂ ਜਿੱਤਣੀਆਂ ਹਨ ਉਸੇ ’ਤੇ ਅਮਲ ਕਰਦਿਆਂ ‘ਆਪ’ ਵੱਲੋਂ ਤਿਆਰ ਕੀਤੇ ਗੈਰ-ਸਮਾਜਿਕ ਕਾਰਕੁਨਾਂ ਨੇ ਪੰਜਾਬ ਵਿੱਚ ਲੋਕਤੰਤਰ ਨੂੰ ਖਿਡੌਣਾ ਬਣਾ ਦਿੱਤਾ ਹੈ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਪੁਲੀਸ ਧੱਕੇਸ਼ਾਹੀ ਬੰਦ ਕਰਨ ਦੀ ਬਜਾਇ ਸਗੋਂ ਆਮ ਆਦਮੀ ਪਾਰਟੀ ਦੀ ਮਦਦ ਵਿੱਚ ਰੋਲ ਨਿਭਾ ਰਹੀ ਹੈ, ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਪੁਲੀਸ ਵੀ ਆਮ ਆਦਮੀ ਪਾਰਟੀ ਦੀ ਹੀ ਇਕ ਏਜੰਸੀ ਬਣ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਸਭ ਦੇਖ ਰਹੇ ਹਨ ਤੇ ਇਸ ਦਾ ਬਦਲਾ ਉਹ 2027 ਵਿਚ ਜ਼ਰੂਰ ਲੈਣਗੇ। ਡਾ. ਗਾਂਧੀ ਨੇ ਕਿਹਾ ਕਿ ਹੁਣ ਇਹ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਚੋਣ ਕਮਿਸ਼ਨ ਵੀ ਸੱਤਾਧਾਰੀ ਪਾਰਟੀ ਦੇ ਹਿੱਤ ਵਿੱਚ ਹੀ ਭੁਗਤ ਰਹੇ ਹਨ, ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ’ਤੇ ਕੋਈ ਗ਼ੌਰ ਨਹੀਂ ਕੀਤੀ ਜਾ ਰਹੀ।
ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਟਿਆਲਾ ਸਾਰੇ ਜ਼ਿਲ੍ਹੇ ਵਿੱਚ ‘ਆਪ’ ਦੇ ਕਾਰਕੁਨਾਂ ਨੇ ਧੱਕੇਸ਼ਾਹੀ ਕੀਤੀ ਹੈ, ਇਸੇ ਕਰਕੇ ਚੋਣਾਂ ਰੱਦ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਦੁਬਾਰਾ ਚੋਣ ਕਮਿਸ਼ਨ ਦੀ ਨਿਗਰਾਨੀ ਵਿੱਚ ਪੰਜਾਬ ਤੋਂ ਬਾਹਰ ਦੀ ਪੁਲੀਸ ਰਾਹੀਂ ਚੋਣ ਕਰਵਾਈ ਜਾਵੇ।
ਸਨੌਰ ਤੇ ਭੁਨਰਹੇੜੀ ਦੀ ਚੋਣ ਰੱਦ ਕਰਨ ਦੀ ਮੰਗ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਕਰਦਿਆਂ ਮੰਗ ਕੀਤੀ ਕਿ ਜ਼ਿਲ੍ਹਾ ਪਟਿਆਲਾ ਦੇ ਸਨੌਰ ਅਤੇ ਭੁਨਰਹੇੜੀ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਰੱਦ ਕੀਤੀ ਜਾਵੇ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਸੂਬਾ ਸਰਕਾਰ ਦੇ ਇਸ਼ਾਰੇ ’ਤੇ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਪਟਿਆਲਾ ਦੇ ਸਨੌਰ ਅਤੇ ਭੁਨਰਹੇੜੀ ਬਲਾਕ ਵਿੱਚ ਸ਼ਰੇਆਮ ਗੁੰਡਾਗਰਦੀ ਅਤੇ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਆਖਿਆ ਕਿ ਕਾਗਜ਼ ਦਾਖ਼ਲ ਕਰਵਾਉਣ ਆਏ ਉਮੀਦਵਾਰਾਂ ਦੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਗਏ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੋਕਲ ਪ੍ਰਸ਼ਾਸਨ ਵੱਲੋਂ ਉਮੀਦਵਾਰਾਂ ਦੀ ਮਦਦ ਕਰਨ ਦੀ ਥਾਂ ਕਾਗਜ਼ ਦਾਖ਼ਲ ਕਰਵਾਉਣ ਵਿੱਚ ਵਿਘਨ ਪਾਇਆ ਗਿਆ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਰਣਧੀਰ ਸਿੰਘ ਰੱਖੜਾ, ਗਗਨਦੀਪ ਕੌਰ ਜੌਨ ਕੋਲੀ, ਜਗਜੀਤ ਸਿੰਘ ਕੋਲੀ, ਬਲਵਿੰਦਰ ਸਿੰਘ ਕਰਹੇੜੀ, ਗੁਰਚਰਨ ਸਿੰਘ ਕੋਲੀ ਹਾਜ਼ਰ ਸਨ।

