ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ: ਡਾਲਵੀ
ਕਾਂਗਰਸ ਵੱਲੋਂ ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਅਤੇ ਬਲਾਕ ਸਨੌਰ ਦੀ ਅਹਿਮ ਮੀਟਿੰਗ ਇਕ ਨਿੱਜੀ ਪੈਲੇਸ ਵਿੱਚ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਕੀਤੀ ਗਈ। ਬੂਥ ਪੱਧਰ ਦੀ ਇਸ ਮੀਟਿੰਗ ਦੀ ਦੇਖ ਰੇਖ ਰਾਜੀਵ ਗੋਇਲ ਸ਼ਹਿਰੀ ਪ੍ਰਧਾਨ, ਅਸ਼ਵਨੀ ਬੱਤਾ ਬਲਾਕ ਪ੍ਰਧਾਨ ਸਨੌਰ, ਹਰਵੀਰ ਸਿੰਘ ਥਿੰਦ ਬਲਾਕ ਪ੍ਰਧਾਨ ਭੁਨਰਹੇੜੀ ਅਤੇ ਮਹਿਕ ਗਰੇਵਾਲ ਕੋਆਰਡੀਨੇਟਰ ਪਟਿਆਲਾ ਨੇ ਕੀਤੀ। ਮੀਟਿੰਗ ਵਿੱਚ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਰਵਿੰਦਰ ਡਾਲਵੀ ਨੇ ਮਾਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦਿਲੋਂ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਦੇਸ਼ ਦੇ ਲੋਕਾਂ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਦੇਸ਼ ਦਾ ਭਵਿੱਖ ਵਧੀਆ ਅਤੇ ਸੁਰੱਖਿਅਤ ਨਜ਼ਰ ਆ ਰਿਹਾ ਹੈ ਜਿਸ ਤੋਂ ਲਗਦਾ ਹੈ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਲਗਭਗ ਤੈਅ ਹੈ। ਇਸ ਤੋਂ ਇਲਾਵਾ ਰਵਿੰਦਰ ਡਾਲਵੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਉਤਸ਼ਾਹ ਵੀ ਦੱਸ ਰਿਹਾ ਹੈ ਕਿ ਅਗਲੀ ਸਰਕਾਰ ਕਾਂਗਰਸ ਦੀ ਹੀ ਬਣਨ ਜਾ ਰਹੀ ਹੈ। ਇਸ ਮੌਕੇ ਰਵਿੰਦਰ ਡਾਲਵੀ ਦਾ ਵਿਸ਼ੇਸ਼ ਤੌਰ ਸਨਮਾਨ ਵੀ ਕੀਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਰਵਿੰਦਰਸਿੰਘ ਖਨੌੜਾ, ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ, ਕੋਆਰਡੀਨੇਟਰ ਹਰਵਿੰਦਰ ਸਿੰਘ ਨਿੱਪੀ, ਅਸ਼ਵਨੀ ਬੱਤਾ, ਹਰਵੀਰ ਥਿੰਦ, ਪ੍ਰਨਵ ਗੋਇਲ, ਮਹਿਕ ਗਰੇਵਾਲ ਨੈਣਾ, ਦਰਸ਼ਨ ਸਿੰਘ, ਸਵਿੰਦਰ ਮੱਟੂ, ਜਗਮੇਲ ਸਿੰਘ ਰਾਣਾ, ਚਰਨਜੀਤ ਸਿੰਘ ਜੱਜ ਤੇ ਜੋਤੀ ਪ੍ਰਤਾਪਗੜ੍ਹ ਆਦਿ ਮੌਜੂਦ ਸਨ।
ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ: ਡਾਲਵੀ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਹਰਪਾਲ ਟਿਵਾਣਾ ਆਡੀਟੋਰੀਅਮ ਵਿੱਚ ਸੰਗਠਨ ਸੰਮੇਲਨ ਦੌਰਾਨ ਪਟਿਆਲਾ ਦਿਹਾਤੀ ਕਾਂਗਰਸ ਦੀ ਰੱਖੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਮੀਟਿੰਗ ਵਿੱਚ ਇਲਾਕੇ ਦੇ ਸੈਂਕੜਿਆਂ ਵਰਕਰਾਂ ਨੇ ਜੋਸ਼ ਨਾਲ ਹਾਜ਼ਰੀ ਭਰੀ ਅਤੇ ਮੋਹਿਤ ਮਹਿੰਦਰਾ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਵਿੰਦਰ ਡਾਲਵੀ ਸਹਿ ਇੰਚਾਰਜ ਪੰਜਾਬ ਕਾਂਗਰਸ ਸੈਕਟਰੀ ਏਆਈਸੀਸੀ, ਨਾਭਾ ਹਲਕੇ ਤੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਗੁਰਸ਼ਰਨ ਰੰਧਾਵਾ, ਨਰੇਸ਼ ਦੁੱਗਲ,ਹਰਬੀਰ ਢੀਂਡਸਾ, ਮਲਕੀਤ ਸਿੰਘ ਭਾਈਆ ਸਾਰੇ ਬਲਾਕ ਪ੍ਰਧਾਨ, ਰਿਚੀ ਡਕਾਲਾ ਤੇ ਅਨਿਲ ਮੋਦਗਿਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਡਾਲਵੀ ਨੇ ਕਿਹਾ ਕਿ ਬੀਜੇਪੀ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਕਿਉਂਕਿ ਭਾਜਪਾ ਆਗੂਆਂ ਦਾ ਕਿਰਦਾਰ ਝੂਠ ਬੋਲ ਕੇ ਲੋਕਾਂ ਦੀਆਂ ਵੋਟਾਂ ਠੱਗਣ ਦਾ ਰਿਹਾ ਹੈ। ਇਸੇ ਤਰ੍ਹਾਂ ਉਹ ਪੰਜਾਬ ਵਿਚ ਵੀ ਕਰਨਾ ਚਾਹੁੰਦੀ ਹੈ।