ਹਲਕਾ ਸ਼ੁਤਰਾਣਾ ’ਚ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਮੰਡਲ ਮੈਜਿਸਟਰੇਟ ਪਾਤੜਾਂ ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪੁੱਤਰ ਗੁਰਮੀਤ ਸਿੰਘ ਨੇ ਛੇ ਪਿੰਡਾਂ ਦੁਗਾਲ ਕਲਾਂ, ਹਰਿਆਊ ਖੁਰਦ, ਹਰਚੰਦਪੁਰਾ, ਰਾਮਪੁਰ ਪੜ੍ਹਤਾ, ਦੁਵਾਰਕਾਪੁਰ ਅਤੇ ਕਰੀਮ ਨਗਰ ਉਰਫ ਚਿੱਚੜਵਾਲਾ 346 ਲਾਭਪਾਤਰੀ ਕਿਸਾਨਾਂ ਨੂੰ ਇੱਕ ਕਰੋੜ 83 ਲੱਖ 20 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਤਕਸੀਮ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ। ਕਿਸਾਨਾਂ ਨੂੰ ਨਿਰਵਿਘਨ ਦਿਨ ਵੇਲੇ ਬਿਜਲੀ ਸਪਲਾਈ, ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਰਜਵਾਹਿਆਂ ਦਾ ਨਵੀਨੀਕਰਨ, ਨਹਿਰੀ ਖਾਲ ਅਤੇ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮੁੱਖ ਮਕਸਦ ਖੇਤੀ ਆਰਥਿਕਤਾ ਨੂੰ ਸਹਾਰਾ ਦੇ ਕੇ ਕਿਸਾਨੀ ਨੂੰ ਕਰਜ਼ਾ ਮੁਕਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਸਮੇਂ ਸਿਰ ਤੇ ਰਾਸ਼ੀ ਵਧਾ ਕੇ ਕਿਸਾਨਾਂ ਦੇ ਦੁੱਖ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ, ਸਾਬਕਾ ਸਰਪੰਚ ਬਲਜੀਤ ਸਿੰਘ ਸਹੋਤਾ ਅਤੇ ਮੇਜਰ ਸਿੰਘ ਮਤੌਲੀ ਆਦਿ ਹਾਜ਼ਰ ਸਨ।

