ਕਾਲਜ ਵਿਦਿਆਰਥੀਆਂ ਵੱਲੋਂ ਸੰਸਦ ਭਵਨ ਦਾ ਦੌਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਜੁਲਾਈ
ਖ਼ਾਲਸਾ ਕਾਲਜ ਪਟਿਆਲਾ ਦੇ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਅਤੇ ਪੋਸਟ-ਗ੍ਰੈਜੂਏਟ ਪਾਲੀਟਿਕਲ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਸੰਸਦੀ ਪ੍ਰਕਿਰਿਆਵਾਂ ਦੀ ਜਾਣਕਾਰੀ ਹਾਸਲ ਕਰਨ ਅਤੇ ਲੀਡਰਸ਼ਿਪ ਹੁਨਰ ਸਿੱਖਣ ਦੇ ਉਦੇਸ਼ ਨਾਲ ਲੋਕ ਸਭਾ ਦੇ ਸੰਗਠਨ ਪੀਆਰਆਈਡੀਈ ਵੱਲੋਂ ਕਰਵਾਏ ਇੱਕ ਸਟੱਡੀ ਵਿਜ਼ਟ ਦੇ ਹਿੱਸੇ ਵਜੋਂ ਭਾਰਤੀ ਸੰਸਦ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਸਦ ਭਵਨ, ਸੰਵਿਧਾਨ ਸਦਨ, ਪ੍ਰੇਰਨਾ ਸਥਲ ਅਤੇ ਸੰਸਦੀ ਲਾਇਬ੍ਰੇਰੀ ਦੇ ਦਰਸ਼ਨ ਕੀਤੇ ਅਤੇ ਸੰਸਦ ਦੀ ਕਾਰਜ ਪ੍ਰਣਾਲੀ, ਕਾਨੂੰਨ ਨਿਰਮਾਣ ਪ੍ਰਕਿਰਿਆ ਅਤੇ ਸੰਸਦੀ ਚਰਚਾਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਨੇੜਿਓਂ ਸਮਝਿਆ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਫੇਰੀ ਵਿਦਿਆਰਥੀਆਂ ਲਈ ਸਿੱਖਣ ਦਾ ਇੱਕ ਵਿਲੱਖਣ ਮੌਕਾ ਸੀ, ਜਿਸ ਨੇ ਉਨ੍ਹਾਂ ਦੀ ਸਿਆਸੀ ਅਤੇ ਪ੍ਰਬੰਧਕੀ ਸਮਝ ਨੂੰ ਹੋਰ ਮਜ਼ਬੂਤ ਕੀਤਾ। ਅਜਿਹੇ ਯਤਨ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਅਤੇ ਭਵਿੱਖ ਦੇ ਨੇਤਾ ਬਣਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਡਾ. ਸਪਨਾ ਅਤੇ ਡਾ. ਜਗਤਾਰ ਸਿੰਘ ਨੇ ਕੀਤੀ। ਇਸ ਦੌਰੇ ਉਪਰੰਤ ਵੱਖ-ਵੱਖ ਵਿਦਿਆਰਥੀਆ ਨੇ ਆਪਣਾ ਤਜਰਬਾ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਜੈਸਮੀਨ ਕੌਰ , ਪ੍ਰੋ. ਰਾਜਬਿੰਦਰ ਸਿੰਘ ਅਤੇ ਪ੍ਰੋ. ਪਰਮਜੀਤ ਸਿੰਘ ਵੀ ਹਾਜ਼ਰ ਸਨ।