ਚੰਦੂਮਾਜਰਾ ਵੱਲੋਂ ਮੁੱਖ ਮੰਤਰੀ ਤੇ ਸਪੀਕਰ ਨੂੰ ਪੱਤਰ
ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੜ੍ਹਾਂ ਨਾਲ ਹੋਈ ਕੁਦਰਤੀ ਤਬਾਹੀ ਨੂੰ ਲੈ ਕੇ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਸੈਸ਼ਨ ਦੇ ਸਾਰਥਕ ਅਤੇ ਠੋਸ ਨਤੀਜੇ ਕੱਢੇ ਜਾਣ ਅਤੇ ਇਸ ਸੈਸ਼ਨ ਨੂੰ ਦੂਸ਼ਣਬਾਜ਼ੀ ਤੋਂ...
ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੜ੍ਹਾਂ ਨਾਲ ਹੋਈ ਕੁਦਰਤੀ ਤਬਾਹੀ ਨੂੰ ਲੈ ਕੇ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਸੈਸ਼ਨ ਦੇ ਸਾਰਥਕ ਅਤੇ ਠੋਸ ਨਤੀਜੇ ਕੱਢੇ ਜਾਣ ਅਤੇ ਇਸ ਸੈਸ਼ਨ ਨੂੰ ਦੂਸ਼ਣਬਾਜ਼ੀ ਤੋਂ ਹਟ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਭਲਾਈ ਦੇ ਲਈ ਲਗਾਉਣਾ ਚਾਹੀਦਾ ਹੈ ਜਿਸ ਵਿਚ ਸਰਕਾਰ ਅਤੇ ਬਾਕੀਆਂ ਸਾਰੀਆਂ ਧਿਰਾਂ ਨੂੰ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੱਦੇ ਗਏ ਵਿਸ਼ੇਸ਼ ਸੈਸ਼ਨਾਂ ਨੇ ਪੰਜਾਬੀਆਂ ਨੂੰ ਘੋਰ ਨਿਰਾਸ਼ਾ ਦਿੱਤੀ, ਸੈਸ਼ਨ ਵਿੱਚ ਗੰਭੀਰ ਮੁੱਦਿਆਂ ’ਤੇ ਬਹਿਸ ਅਤੇ ਚਰਚਾ ਹੋਣ ਦੀ ਥਾਂ ਆਪਸੀ ਦੂਸ਼ਣਬਾਜ਼ੀ ਵਿੱਚ ਉਲਝਣ ਤੱਕ ਸੀਮਿਤ ਰਹੇ ਪਰ ਇਸ ਵਾਰ ਵੀ ਪੰਜਾਬ ਦੇ ਲੋਕਾਂ ਨੂੰ ਅਜਿਹਾ ਡਰ ਸਤਾ ਰਿਹਾ ਹੈ। ਚੰਦੂਮਾਜਰਾ ਨੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਭੇਜ ਕੇ ਆਪਣੇ ਸੁਝਾਅ ਭੇਜੇ ਹਨ ਜਿਸ ਵਿਚ ਪੰਜਾਬ ਵਿੱਚ ਕਿਸਾਨਾਂ ਦੀਆ ਫ਼ਸਲਾਂ ਦੀ ਕੁਦਰਤੀ ਆਫ਼ਤਾਂ ਅਤੇ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ‘ਕਿਸਾਨ-ਖੇਤ ਮਜ਼ਦੂਰ ਖੇਤੀ ਬੀਮਾ ਯੋਜਨਾ’ ਦੇ ਨਾਂਅ ਹੇਠ ਪੰਜਾਬ ਸਰਕਾਰ ਵੱਲੋਂ ਠੋਸ ਵਿਆਪਕ ਕਿਸਾਨ ਪੱਖੀ ਖੇਤੀ ਬੀਮਾ ਯੋਜਨਾ ਤਿਆਰ ਕਰਨਾ ਸਭ ਤੋਂ ਵੱਡੀ ਲੋੜ ਹੈ। ਇਸ ਯੋਜਨਾ ਦੇ ਬੀਮੇ ਦੀਆਂ ਕਿਸ਼ਤਾਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਭਰਨ ਦੀ ਵਿਧੀ ਤਿਆਰ ਕੀਤੀ ਜਾਵੇ। ਭਾਖੜਾ ਡੈਮ ਅਤੇ ਹੋਰ ਸਾਰੇ ਡੈਮਾਂ ਵਿੱਚੋਂ ਗਾਰ ਕੱਢਣ ਲਈ ਕਾਨੂੰਨ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਡੈਮਾਂ ਨੂੰ ਸਾਫ਼ ਕਰਨ ਦੀ ਵਿਵਸਥਾ ਬਣਾਈ ਜਾਵੇ।