ਹੜ੍ਹਾਂ ਕਾਰਨ ਹੋਏ ਖਰਾਬੇ ਦਾ ਜਾਇਜ਼ਾ ਲੈਣ ਲਈ ਜਲਦੀ ਪੁੱਜੇਗੀ ਕੇਂਦਰੀ ਟੀਮ: ਪੁਰੋਹਿਤ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 26 ਜੁਲਾਈ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਪਹਿਲਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਾਲਾਤ ਦੀ ਸਮੀਖਿਆ ਕੀਤੀ।
ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਹੜ੍ਹਾਂ ਕਾਰਨ ਫਸਲਾਂ ਸਣੇ ਹੋਏ ਹੋਰ ਜਾਨ-ਮਾਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਜਲਦੀ ਹੀ ਪੰਜਾਬ ਆਵੇਗੀ ਤੇ ਕੇਂਦਰ ਸਰਕਾਰ ਤੋਂ ਨਿਯਮਾਂ ਤਹਿਤ ਬਣਦੇ ਫੰਡ ਵੀ ਪੰਜਾਬ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਡਾ. ਦਰਸ਼ਨਪਾਲ ਦੀ ਅਗਵਾਈ ਵਿੱਚ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਰਾਜਪਾਲ ਨੇ ਜਿੱਥੇ ਬਾਦਸ਼ਾਹਪੁਰ ਕੋਲ ਘੱਗਰ ਦਰਿਆ ਦਾ ਦੌਰਾ ਕੀਤਾ, ਉੱਥੇ ਹੀ ਤੇਈਪੁਰ ਪਿੰਡ ਵਿੱਚ ਚੱਲ ਰਹੇ ਰਾਹਤ ਕੈਂਪ ਵਿੱਚ ਪਹੁੰਚ ਕੇ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਲੋੜੀਂਦੀਆਂ ਵਸਤਾਂ ਦੀਆਂ ਕਿੱਟਾਂ ਵੀ ਵੰਡੀਆਂ। ਉੱਥੇ ਹੀ ਪੰਜਾਬ ਦੀ ਹੱਦ ’ਤੇ ਪੈਂਦੇ ਘੱਗਰ ਦਰਿਆ ਵਿੱਚ ਪਏ 100 ਫੁੱਟ ਪਾੜ ਕਾਰਨ ਵਧੇਰੇ ਪ੍ਰਭਾਵਿਤ ਰਹੇ ਪਿੰਡ ਰਾਮਪੁਰ ਪੜਤਾ, ਦਿਵਾਰਕਾਪੁਰ ਤੇ ਔਹਜਾਂ ਪਿੰਡਾਂ ਦੇ ਵਸਨੀਕਾਂ ਨੇ ਰਾਜਪਾਲ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਨਾ ਸੁਣਨ ਦੇ ਰੋਸ ਵਜੋਂ ਪ੍ਰਦਰਸ਼ਨ ਵੀ ਕੀਤਾ।
ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟਾਂ ਦੇ ਹਵਾਲੇ ਨਾਲ ਰਾਜਪਾਲ ਨੇ ਮੀਡੀਆ ਨੂੰ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ 10 ਹਜ਼ਾਰ ਏਕੜ ਰਕਬੇ ਵਿੱਚ ਝੋਨਾ ਦੁਬਾਰਾ ਲਾਇਆ ਜਾ ਚੁੱਕਾ ਹੈ ਅਤੇ ਅਗਲੇ ਦਿਨਾਂ ’ਚ ਬਹੁਤੇ ਹੋਰ ਰਕਬੇ ਵਿੱਚ ਵੀ ਝੋਨਾ ਦੁਬਾਰਾ ਲਾਇਆ ਜਾਵੇਗਾ। ਰਾਜਪਾਲ ਨੂੰ ਪੱਤਰ ਸੌਂਪਣ ਤੋਂ ਬਾਅਦ ਡਾ. ਦਰਸ਼ਨਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਅੱਜ ਪੱਤਰ ਵਿੱਚ ਮੰਗ ਕੀਤੀ ਹੈ ਕਿ ਖੇਤਰ ਵਿੱਚੋਂ ਲੰਘ ਰਹੇ ਜੰਮੂ ਕਟੜਾ ਐਕਸਪ੍ਰੈੱਸਵੇਅ ਨੂੰ ਹੜ੍ਹਾਂ ਦੀ ਮਾਰ ਵਾਲੇ ਇਲਾਕੇ ’ਚ ਪਿੱਲਰਾਂ ’ਤੇ ਹੀ ਬਣਾਇਆ ਜਾਵੇ ਤਾਂ ਜੋ ਇਹ ਹੜ੍ਹਾਂ ਦਾ ਕਾਰਨ ਨਾ ਬਣੇ।
ਕੇਂਦਰ ਤੇ ਸੂਬਾ ਸਰਕਾਰ ਪੀੜਤਾਂ ਨੂੰ ਮੁਆਵਜ਼ਾ ਜਲਦੀ ਦੇਵੇਗੀ: ਰਾਜਪਾਲ
ਸਮਾਣਾ (ਅਸ਼ਵਨੀ ਗਰਗ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਸ਼ਾਮ ਵੇਲੇ ਸਮਾਣਾ ਪਹੁੰਚ ਕੇ ਹੜ੍ਹ ਪਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਕਿਹਾ ਕਿ ਆਫਤ ਪ੍ਰਬੰਧਨ ਸਮੇਂ ਸਿਰ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਇੱਥੇ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਮੁਆਵਜ਼ਾ ਪੰਜਾਬ ਅਤੇ ਕੇਂਦਰ ਸਰਕਾਰ ਜਲਦੀ ਦੇਵੇਗੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮਾਲ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਕੇ ਸ਼ਿਵਾ ਪ੍ਰਸਾਦ, ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ, ਆਈਜੀ ਸੁਖਵਿੰਦਰ ਸਿੰਘ ਛੀਨਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਦਿ ਹਾਜ਼ਰ ਸਨ।