ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਜੁਲਕਾਂ ਪਾਸ ਸਹਾਇਕ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਭੁਨਰਹੇੜੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਉਨ੍ਹਾਂ ਝੋਨੇ ਦੇ ਭਰੇ ਇੱਕ ਟਰੱਕ ਅਤੇ ਬਿਨਾਂ ਨੰਬਰੀ ਟਰੈਕਟਰ ਟਰਾਲੀ ਫੜੇ ਹਨ ਜਿਨ੍ਹਾਂ ਨੂੰ ਬਾਹਰਲੇ ਸੂਬਿਆਂ ਤੋਂ ਝੋਨਾ ਸਸਤੇ ਭਾਅ ਲਿਆ ਕੇ ਇੱਥੇ ਮਹਿੰਗੇ ਭਾਅ ਵੇਚਣ ਲਈ ਲਿਆਂਦਾ ਗਿਆ ਸੀ। ਜਦੋਂ ਇੰਸਪੈਕਟਰ ਵਿਵੇਕ ਸਿੰਗਲਾ ਨੇ ਜਾਣਨਾ ਚਾਹਿਆ ਤਾਂ ਇਸ ਟਰਾਲੀ ਅਤੇ ਟਰੱਕ ਵਿੱਚ ਪਏ ਝੋਨੇ ਬਾਰੇ ਡਰਾਈਵਰ ਕੋਈ ਬਿੱਲ ਜਾਂ ਹੋਰ ਕਾਗਜ਼ ਨਹੀਂਂ ਦਿਖਾ ਸਕਿਆ। ਉਸ ਨੇ ਦੱਸਿਆ ਇਹ ਝੋਨਾ ਉਹ ਯੂ.ਪੀ. ਦੇ ਬਿਜਨੌਰ ਤੋਂ ਲਿਆਏ ਸਨ ਅਤੇ ਰੀ ਸਾਈਕਲ ਕਰਕੇ ਕਿਸੇ ਆੜ੍ਹਤ ’ਤੇ ਵੇਚਣਾ ਸੀ। ਇਸ ਸਬੰਧੀ ਥਾਣਾ ਜੁਲਕਾਂ ਵਿੱਚ ਕਮਾਲ ਸਿੰਘ ਵਾਸੀ ਗੁਲਾਲ ਵਾਲੀ ਯੂ.ਪੀ. ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸਹਾਇਕ ਖੁਰਾਕ ਅਤੇ ਸਪਲਾਈ ਅਫਸਰ ਵਿਵੇਕ ਸਿੰਗਲਾ ਨੇ ਇੱਕ ਟਰੱਕ ਝੋਨੇ ਦਾ ਫੜਿਆ ਹੈ, ਜਿਸ ਵਿੱਚ ਬਾਹਰਲੇ ਸੂਬੇ ਤੋਂ ਝੋਨਾ ਸਸਤੇ ਭਾਅ ਲਿਆ ਕੇ ਇੱਥੇ ਰੀ-ਸਾਈਕਲ ਕਰ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਣਾ ਸੀ। ਚੌਕੀ ਭੁਨਰਹੇੜੀ ਦੀ ਪੁਲੀਸ ਵੱਲੋਂ ਟਰੱਕ ਨੰਬਰ ਪੀਬੀ 10 ਜੀ. ਕੇ.-7196 ਦੇ ਡਰਾਈਵਰ ਦਵਿੰਦਰ ਸਿੰਘ ਅਤੇ ਹੈਲਪਰ ਸੰਦੀਪ ਸਿੰਘ ਵਾਸੀਆਨ ਅਰਬਨ ਅਸਟੇਟ ਫਗਵਾੜਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਖਰੀਦ ਕੇਂਦਰ ਬੁਗਰਾ ’ਚ ਬਾਹਰਲਾ ਝੋਨਾ ਵਿਕਣ ਦੀ ਚਰਚਾ
ਧੂਰੀ (ਬੀਰਬਲ ਰਿਸ਼ੀ): ਮਾਰਕੀਟ ਕਮੇਟੀ ਧੂਰੀ ਅਧੀਨ ਪੈਂਦੇ ਖਰੀਦ ਕੇਂਦਰ ਬੁਗਰਾ ’ਚ ਬਾਹਰਲੇ ਸੂਬਿਆਂ ’ਚੋਂ ਆਇਆ ਝੋਨਾ ਵਿਕਣ ਦੀਆਂ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਚਰਚਾਵਾਂ ਮਗਰੋਂ ਬਾਹਰਲੇ ਜ਼ਿਲ੍ਹੇ ਤੋਂ ਫੂਡ ਸਪਲਾਈ ਦੇ ਏਐੱਫਐਸਓ ਨੀਲ ਕਮਲ ਦੀ ਅਗਵਾਈ ਹੇਠ ਪੁੱਜੀ ਟੀਮ ਨੇ ਖਰੀਦ ਕੇਂਦਰ ਵਿੱਚ ਪਹੁੰਚ ਕੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਖਰੀਦ ਕੇਂਦਰ ਬੁਗਰਾ ਵਿੱਚ ਹੈੱਡ ਆਫਿਸ ਦੀਆਂ ਹਦਾਇਤਾਂ ਫੂਡ ਸਪਲਾਈ ਵਿਭਾਗ ਤੋਂ ਏਐੱਫਐੱਸਓ ਨੀਲ ਕਮਲ ਬਰਨਾਲਾ ਦੀ ਅਗਵਾਈ ਹੇਠ ਆਈ ਟੀਮ ਨੇ ਬੁਗਰਾ ਦੇ ਖਰੀਦ ਕੇਂਦਰ ਵਿੱਚ ਇਕੱਲੀ-ਇਕੱਲੀ ਢੇਰੀ ’ਤੇ ਜਾ ਕੇ ਢੇਰੀ ਦੇ ਮਾਲਕ ਕਿਸਾਨਾਂ ਨਾਲ ਗੱਲ ਕਰ ਕੇ ਪੜਤਾਲ ਕਰਦਿਆਂ ਕਈ ਤਰਾਂ ਦੇ ਸੁਆਲ-ਜੁਆਬ ਕੀਤੇ। ਜਾਂਚ ਅਧਿਕਾਰੀ ਤੇ ਏਐੱਫਐੱਸਓ ਬਰਨਾਲਾ ਨੀਲ ਕਮਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸ਼ਿਕਾਇਤਕਰਤਾ ਸਬੰਧੀ ਉਨ੍ਹਾਂ ਨੂੰ ਕੁੱਝ ਪਤਾ ਨਹੀਂ, ਡਿਪਟੀ ਡਾਇਰੈਕਟਰ ਦਫ਼ਤਰ ਦੀਆਂ ਹਦਾਇਤਾਂ ’ਤੇ ਉਨ੍ਹਾਂ ਖਰੀਦ ਕੇਂਦਰ ਬੁਗਰਾ ਦੀ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਬੰਧਤ ਕਿਸਾਨਾਂ ਦੀਆਂ ਢੇਰੀਆਂ ’ਤੇ ਜਾ ਕੇ ਨਿੱਜੀ ਤੌਰ ’ਤੇ ਮਿਲਕੇ ਸ਼ਨਾਖ਼ਤ ਕੀਤੀ ਹੈ ਅਤੇ ਆਪਣੇ ਵੱਲੋਂ ਬਣਾਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

