ਕੁੱਟਮਾਰ ਤੇ ਲੁੱਟ-ਖੋਹ ਦੇ ਦੋਸ਼ ਹੇਠ ਨੌਂ ਖ਼ਿਲਾਫ਼ ਕੇਸ
ਡਿਊਟੀ ਤੋਂ ਬਾਅਦ ਪਟਿਆਲਾ ਤੋਂ ਸਮਾਣਾ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਪਟਿਆਲਾ-ਸਮਾਣਾ ਰਾਜ ਮਾਰਗ ’ਤੇ ਪਿੰਡ ਚੌਹਟ ਖੇੜੀ ਨੇੜੇ ਘੇਰ ਕੇ ਕੁੱਟਮਾਰ ਕਰਨ ਅਤੇ ਉਨ੍ਹਾਂ ਦਾ ਮੋਟਰਸਾਈਕਲ, ਬੈਗ ਅਤੇ ਮੋਬਾਈਲ ਲੁੱਟ ਕੇ ਭੱਜਣ ਵਾਲੇ ਸੱਤ ਅਣਪਛਾਤਿਆਂ ਸਮੇਤ 9 ਨੌਜਵਾਨਾਂ ਖ਼ਿਲਾਫ਼ ਸਦਰ ਪੁਲੀਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਜਸਵਿੰਦਰ ਸਿੰਘ ਵਾਸੀ ਪਸਿਆਣਾ ਅਤੇ ਗੁਰਸੰਗਤ ਸਿੰਘ ਵਾਸੀ ਪਿੰਡ ਝੰਡੀ ਜ਼ਿਲ੍ਹਾ ਪਟਿਆਲਾ ਸਮੇਤ 9 ਨੌਜਵਾਨ ਸ਼ਾਮਲ ਹਨ। ਜਾਂਚ ਅਧਿਕਾਰੀ ਏਐੱਸਆਈ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਲਕਸ਼ ਕੁਮਾਰ ਪੁੱਤਰ ਸ਼ਿਆਮ ਲਾਲ ਵਾਸੀ ਮੋਤੀਆ ਬਾਜ਼ਾਰ ਸਮਾਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 3 ਅਗਸਤ ਦੀ ਰਾਤ ਨੂੰ ਉਹ ਆਪਣੇ ਦੋਸਤ ਸੰਦੀਪ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਨਵਾਬ ਮੰਡੀ ਸਮਾਣਾ ਨਾਲ ਮੋਟਰਸਾਈਕਲ ’ਤੇ ਪਟਿਆਲਾ ਤੋਂ ਆਪਣੇ ਘਰ ਸਮਾਣਾ ਆ ਰਹੇ ਸਨ ਕਿ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਨੂੰ ਰੋਕਣ ਤੋਂ ਬਾਅਦ ਐਕਟਿਵਾ ਸਵਾਰ 3 ਨੌਜਵਾਨ ਉਨ੍ਹਾਂ ਦੇ ਪਿੱਛੇ ਲੱਗ ਗਏ। ਢਕੜਵਾ ਨੇੜੇ ਦੋ ਮੋਟਰਸਾਈਕਲਾਂ ’ਤੇ ਸਵਾਰ 6 ਹੋਰ ਨੌਜਵਾਨ ਵੀ ਉਨ੍ਹਾਂ ਨਾਲ ਮਿਲ ਗਏ। ਇਸ ਮਗਰੋਂ ਨੌਜਵਾਨਾਂ ਨੇ ਚੌਹਟ ਖੇੜੀ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਅੱਗੇ ਲਾ ਕੇ ਰੋਕ ਲਿਆ ਅਤੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਅਧਿਕਾਰੀ ਅਨੁਸਾਰ ਦੋ ਮੁਲਜ਼ਮ ਨੌਜਵਾਨਾਂ ਦੀ ਪਛਾਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।