ਵਿਧਾਇਕ ਦੇ ਹੁਕਮਾਂ ’ਤੇ ਕਾਰ ਪਾਰਕਿੰਗ ਦਾ ਠੇਕਾ ਰੱਦ
ਏਸੀ ਮਾਰਕੀਟ ਦੇ ਪਿਛਲੇ ਪਾਸੇ ਪਾਰਕਿੰਗ ਵਿੱਚ ਲੋਕਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਠੇਕੇਦਾਰ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਹੁਕਮਾਂ ’ਤੇ ਨਗਰ ਨਿਗਮ ਵੱਲੋਂ ਕੀਤੀ ਗਈ। ਵਿਧਾਇਕ ਕੋਹਲੀ ਨੇ ਕਿਹਾ ਕਿ ਪਟਿਆਲਾ ਵਿੱਚ ਕੋਈ ਵੀ ਬੇਨਿਯਮੀ ਬਰਦਾਸ਼ਤ ਨਹੀਂ ਹੋਵੇਗੀ। ਵਿਧਾਇਕ ਕੋਹਲੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਏਸੀ ਮਾਰਕੀਟ ਦੇ ਪਿਛਲੇ ਪਾਸੇ ਮਾਰਕੀਟ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਸੀ। ਐਸੋਸੀਏਸ਼ਨ ਨੇ ਧਿਆਨ ਵਿਚ ਲਿਆਂਦਾ ਕਿ ਮਾਰਕੀਟ ਦੇ ਪਿਛਲੇ ਪਾਸੇ ਜਿਹੜੀ ਕਾਰ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਹੈ ਉਸ ਦਾ ਠੇਕੇਦਾਰ ਲੋਕਾਂ ਤੋਂ ਵੱਧ ਪੈਸੇ ਵਸੂਲਦਾ ਹੈ। ਇਸ ਬਾਰੇ ਤੁਰੰਤ ਹੀ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਨਗਰ ਨਿਗਮ ਠੇਕੇਦਾਰ ਨੂੰ ਕਾਲੀ ਸੂਚੀ ਵਿੱਚ ਪਾਇਆ ਗਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਆਰੰਭੀ ਗਈ ਹੈ। ਕੋਹਲੀ ਨੇ ਕਿਹਾ ਈ-ਟੈਂਡਰਿੰਗ ਪ੍ਰਣਾਲੀ ਰਾਹੀਂ ਅਨਾਰਦਾਨਾ ਚੌਕ ਨੇੜੇ ਮਾਰਕੀਟ ਵਿੱਚ ਮੌਜੂਦ ਪਾਰਕਿੰਗ ਨੂੰ ਠੇਕੇ ’ਤੇ ਦੇਣ ਲਈ ਟੈਂਡਰ ਕੱਢੇ ਗਏ ਸਨ। ਨਗਰ ਨਿਗਮ ਵੱਲੋਂ ਨਿਯਮਾਂ ਅਨੁਸਾਰ ਇਹ ਟੈਂਡਰ ਯਾਦਵਿੰਦਰ ਸਿੰਘ ਗੁਰਾਇਆ ਦੇ ਨਾਮ ’ਤੇ ਜਾਰੀ ਕੀਤਾ ਗਿਆ ਸੀ। ਠੇਕੇਦਾਰ ਵੱਲੋਂ ਮਈ, ਜੂਨ, ਜੁਲਾਈ ਅਤੇ ਅਗਸਤ ਦੀ ਮਹੀਨਾਵਾਰ ਕਿਸ਼ਤ ਦੀ ਰਾਸ਼ੀ 11 ਲੱਖ 88 ਹਜ਼ਾਰ 288 ਰੁਪਏ ਜਮ੍ਹਾਂ ਨਹੀਂ ਕਰਵਾਈ ਗਈ ਹੈ। ਇਸ ਸਬੰਧੀ ਜਾਰੀ ਕੀਤੇ ਗਏ ਨੋਟਿਸ ਦਾ ਵੀ ਠੇਕੇਦਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਕਰਕੇ ਨਗਰ ਨਿਗਮ ਨੇ ਇਸ ਪਾਰਕਿੰਗ ਦਾ ਠੇਕਾ ਖ਼ਤਮ ਕਰ ਦਿੱਤਾ ਹੈ।