ਸਿਉਣਾ ਵਿੱਚ ਫਰੈਂਡਜ਼ ਵੈੱਲਫੇਅਰ ਕਲੱਬ ਵੱਲੋਂ ਕੈਂਸਰ ਜਾਂਚ ਕੈਂਪ
ਪਟਿਆਲਾ, 3 ਸਤੰਬਰ
ਫਰੈਂਡਜ਼ ਵੈੱਲਫੇਅਰ ਕਲੱਬ ਪਿੰਡ ਸਿਉਣਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਸਿਉਣਾ ਦੇ ਸਹਿਯੋਗ ਨਾਲ ਗੁਰਜੰਟ ਸਿਉਣਾ ਤੇ ਹਰੀਸ਼ ਪਟਿਆਲਵੀ ਦੀ ਅਗਵਾਈ ਹੇਠ ਐੱਸਬੀਆਈ ਕਾਰਡ ਪਹਿਲ ਯੋਜਨਾ ਤਹਿਤ ਵਰਲਡ ਕੈਂਸਰ ਕੇਅਰ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਪਿੰਡ ਸਿਉਣਾ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਤੇ ਕਿਸਾਨ ਵਿੰਗ ਦੇ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਨੇ ਕੀਤਾ। ਮੇਘ ਚੰਦ ਨੇ ਨੌਜਵਾਨਾਂ ਵੱਲੋਂ ਕੀਤੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਲੋਕ ਭਲਾਈ ਕਾਰਜਾਂ ਖੇਡਾਂ ਦੇ ਖੇਤਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਦੀ ਬਹੁਤ ਲੋੜ ਹੈ। ਕੈਂਪ ਵਿੱਚ ਵਰਲਡ ਕੈਂਸਰ ਕੇਅਰ ਦੀ ਪੱਚੀ ਮੈਂਬਰੀ ਡਾਕਟਰਾਂ ਦੀ ਟੀਮ ਨੇ ਚਾਰ ਆਧੁਨਿਕ ਲੈਬ ਬੱਸਾਂ ਵਿਚ ਔਰਤਾਂ ਦੀ ਛਾਤੀ ਮੈਮੋਗਰਾਫੀ ਟੈਸਟ, ਬੱਚੇਦਾਨੀ ਲਈ ਪੈਪ ਸਮੇਅਰ ਟੈਸਟ, ਗਦੂਦਾਂ ਦੀ ਜਾਂਚ, ਮੂੰਹ ਗਲੇ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ ਟੈਸਟ, ਹੱਡੀਆਂ, ਸ਼ੂਗਰ, ਟੈਸਟ ਤੇ ਬੀ ਪੀ ਦੇ 274 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਮੌਕੇ ਕੈਂਸਰ ਦੀ ਪਹਿਚਾਣ, ਲੱਛਣ ਤੇ ਬਚਾਅ ਸਬੰਧੀ ਸੁਝਾਅ ਦੱਸੇ ਗਏ ਅਤੇ ਮਾਹਿਰਾਂ ਵੱਲੋਂ ਕੈਂਸਰ ਅਵੇਅਰਨੈੱਸ ਬਾਰੇ ਭਾਸ਼ਣ ਦਿੱਤੇ ਗਏ। ਕੈਂਪ ਦੀ ਪ੍ਰਧਾਨਗੀ ਸਰਪੰਚ ਮਲਕੀਤ ਸਿੰਘ ਸਰਪੰਚ ਪਿੰਡ ਸਿਉਣਾ ਤੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਕੀਤੀ।