ਜ਼ਿਮਨੀ ਚੋਣ ਜਿੱਤ ਕੇ ‘ਆਪ’ ਨੇ 2027 ਲਈ ਮਜ਼ਬੂਤ ਨੀਂਹ ਰੱਖੀ: ਸੂਦ
ਹਲਕਾ ਰਾਜਪੁਰਾ ਦੇ ਵਾਲੰਟੀਅਰਾਂ ਨੇ ਜਸ਼ਨ ਮਨਾਏ ਤੇ ਲੱਡੂ ਵੰਡ ਕੇ ਭੰਗੜੇ ਪਾਏ
ਤਰਨ ਤਾਰਨ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀ ਗਈ ਸ਼ਾਨਦਾਰ ਜਿੱਤ ’ਤੇ ਹਲਕਾ ਰਾਜਪੁਰਾ ਦੇ ਸਮੂਹ ਵਾਲੰਟੀਅਰਾਂ ਨੇ ਜਸ਼ਨ ਮਨਾਇਆ। ਦੀਪਕ ਸੂਦ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਦੌਰਾਨ ਵਾਲੰਟੀਅਰਾਂ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸੂਝਵਾਨ ਵੋਟਰਾਂ ਦਾ ਖ਼ਾਸ ਤੌਰ ’ਤੇ ਧੰਨਵਾਦ ਕੀਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 42,649 ਵੋਟਾਂ ਨਾਲ ਭਾਰੀ ਬਹੁਮਤ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ। ਸ੍ਰੀ ਸੂਦ ਨੇ ਕਿਹਾ ਕਿ ਇਸ ਨਤੀਜੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਕੰਮ ਆਧਾਰਤ ਰਾਜਨੀਤੀ, ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਅਗਵਾਈ ’ਤੇ ਪੂਰਾ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿਮਨੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸਾਬਤ ਹੋਈ ਹੈ। ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕੰਮਾਂ ’ਤੇ ਲੋਕਾਂ ਨੇ ਮੋਹਰ ਲਗਾ ਕੇ ਆਮ ਆਦਮੀ ਪਾਰਟੀ ’ਤੇ ਆਪਣਾ ਵਿਸ਼ਵਾਸ ਇੱਕ ਵਾਰੀ ਫਿਰ ਮਜ਼ਬੂਤ ਕੀਤਾ ਹੈ। ਵਰਕਰਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਾਲ 2027 ਵਿੱਚ ਹੋਰ ਵੀ ਵੱਡੀ ਜਿੱਤ ਹਾਸਲ ਕਰਕੇ ਪੰਜਾਬ ਵਿੱਚ ਮੁੜ ਸਰਕਾਰ ਬਣਾਏਗੀ। ਜਸ਼ਨ ਮੌਕੇ ਮੌਜੂਦ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਢੋਲ-ਧਮਾਕੇ ਨਾਲ ਭੰਗੜੇ ਪਾਏ ਗਏ। ਇਸ ਮੌਕੇ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆਂ, ਸੀਨੀਅਰ ਆਗੂ ਸੁਖਦੇਵ ਸਿੰਘ ਘੱਗਰ ਸਰਾਂਏ, ਐਡਵੋਕੇਟ ਬਿਕਰਮਜੀਤ ਪਾਸੀ, ਗੁਰਮੀਤ ਸਿੰਘ ਉਪਲਹੇੜੀ, ਸਿਕੰਦਰ ਸਿੰਘ, ਕਰਨੈਲਪੁਰੀ, ਚੰਨਣ ਸਿੰਘ, ਮਹਿੰਦਰ ਸਿੰਘ, ਕਰਨ ਗੜੀ, ਅਮਿਤ ਕੁਮਾਰ, ਅਵਤਾਰ ਸਿੰਘ ਹਰਪਾਲਪੁਰ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਸਣੇ ਬਹੁਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ।

