ਭੇਤ-ਭਰੀ ਹਾਲਤ ’ਚ ਲਾਪਤਾ ਲੜਕੀ ਦੀ ਲਾਸ਼ ਨਹਿਰ ’ਚੋਂ ਮਿਲੀ
ਸਮਾਣਾ (ਪੱਤਰ ਪ੍ਰੇਰਕ): ਇੱਥੋਂ 10 ਦਿਨ ਪਹਿਲਾਂ ਭੇਤ-ਭਰੀ ਹਾਲਤ ’ਚ ਲਾਪਤਾ ਹੋਈ ਨਾਬਾਲਗ ਲੜਕੀ ਦੀ ਲਾਸ਼ ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ (ਬਠਿੰਡਾ) ਤੋਂ ਬਰਾਮਦ ਹੋਈ ਹੈ। ਮਵੀ ਕਲਾਂ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਅੰਗਰੇਜ਼ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕਾ ਗਗਨਦੀਪ ਕੌਰ (16) ਦੇ ਪਿਤਾ ਬਿੱਟੂ ਸਿੰਘ ਵਾਸੀ ਪਿੰਡ ਅਸੋਜ ਜ਼ਿਲ੍ਹਾ ਸੰਗਰੂਰ ਹਾਲ ਆਬਾਦ ਪਿੰਡ ਕਕਰਾਲਾ ਭਾਈਕਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਧੀ ਗਗਨਦੀਪ ਕੌਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਪਹਿਲੀ ਜੁਲਾਈ ਨੂੰ ਆਪਣੀ ਵੱਡੀ ਭੈਣ ਨਾਲ ਬਹਿਸਣ ਤੋਂ ਬਾਅਦ ਉਹ ਬਿਨਾਂ ਦੱਸੇ ਘਰੋਂ ਚਲੀ ਗਈ। ਭਾਲ ਦੌਰਾਨ ਪਿੰਡ ਨਾਗਰੀ ਨੇੜੇ ਰਾਹਗੀਰਾਂ ਨੇ ਉਸ ਦੀ ਕੱਪੜਿਆਂ ਤੋਂ ਪਛਾਣ ਕਰਕੇ ਦੱਸਿਆ ਕਿ ਉਸ ਨੇ ਪਿੰਡ ਨਾਗਰੀ ਤੋਂ ਲੰਘਦੀ ਭਾਖੜਾ ਨਹਿਰ ਦੇ ਪੁਲ ਨੇੜੇ ਨਹਿਰ ਵਿੱਚ ਛਾਲ ਮਾਰੀ ਸੀ। ਲਗਾਤਾਰ ਭਾਲ ਕਰਨ ਤੋਂ ਬਾਅਦ 9 ਜੁਲਾਈ ਨੂੰ ਬਠਿੰਡਾ ਜ਼ਿਲ੍ਹੇ ਦੇ ਗੋਲੇਵਾਲਾ ਹੈੱਡ ਦੇ ਪੁਲ ਹੇਠਾਂ ਬਿਨਾਂ ਕੱਪੜਿਆਂ ਦੇ ਫਸੀ ਲੜਕੀ ਦੀ ਲਾਸ਼ ਮਿਲੀ। ਉਸ ਦੀ ਪਛਾਣ ਹੱਥ ’ਤੇ ਬਣੇ ਉਸਦੀ ਮਾਂ ਦੇ ਨਾਮ ਦੇ ਟੈਟੂ ਤੋਂ ਹੋਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਅਧਿਕਾਰੀ ਅਨੁਸਾਰ ਮ੍ਰਿਤਕਾ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਤਹਿਤ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਲਈ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।