ਭਾਰਤੀ ਜਨਤਾ ਪਾਰਟੀ ਮੰਡਲ ਸਮਾਣਾ ਵੱਲੋਂ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰੱਵਈਆ ਅਪਨਾਉਣ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੰਬੇਦਕਰ ਚੌਕ ’ਚ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਜੋ ਸਮਾਜ ਭਲਾਈ ਦੀਆਂ ਸਕੀਮਾਂ ਚਲਾਈਆਂ ਹੋਈਆਂ ਹਨ ਉਨ੍ਹਾਂ ਸਕੀਮਾਂ ਨੂੰ ਪੰਜਾਬ ਸਰਕਾਰ ਆਪਣਾ ਨਾਮ ਵਰਤ ਕੇ ਲੋਕਾਂ ਵਿੱਚ ਨਾਂ ਮਾਤਰ ਸਹੂਲਤਾਂ ਦੇ ਰਹੀ ਹੈ। ਇਨ੍ਹਾਂ ਸਕੀਮਾਂ ਦਾ ਪ੍ਰਚਾਰ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਵਰਕਰਾਂ ਵੱਲੋਂ ਪਿੰਡ ਪੱਧਰ ’ਤੇ ਸੀਐੱਸਸੀ ਮੁਲਾਜ਼ਮਾਂ ਦੀ ਸਹਿਯੋਗ ਨਾਲ ਕੈਂਪ ਲਗਾਏ ਜਾ ਰਹੇ ਹਨ, ਤਾਂ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੋਕਾਂ ਨੂੰ ਮਿਲ ਸਕੇ।
ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮਾਨ ਸਰਕਾਰ ਪੰਜਾਬ ’ਚ ਤਾਨਾਸ਼ਾਹੀ ਅਪਣਾ ਕੇ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਉਨ੍ਹਾਂ ਦੀਆ ਸਰਗਰਮੀਆਂ ਕਰਨ ਤੋਂ ਰੋਕਣਾ ਚਾਹੁੰਦੀ ਹੈ, ਜੋ ਲੋਕਤੰਤਰ ਦਾ ਘਾਣ ਹੈ।
ਇਸ ਮੌਕੇ ਭਾਜਪਾ ਆਗੂ ਹਰਮੇਸ਼ ਗੋਇਲ, ਸੁਰਿੰਦਰ ਸਿੰਘ ਖੇੜਕੀ, ਜਤਿੰਦਰ ਸ਼ਰਮਾ, ਵਿਨੋਦ ਸਿੰਗਲਾ, ਰਜਿੰਦਰ ਕੁਕੀ, ਸੰਜੀਵ ਗਰਗ, ਪ੍ਰੀਕਸ਼ਿਤ ਪਾਠਕ, ਦਮਨ ਭੱਲਾ, ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਮੌਜੂਦ ਸਨ।