ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਭਾਜਪਾ: ਕੋਹਲੀ

‘ਆਪ’ ਨੇ ਭਾਜਪਾ ਦਾ ਪੁਤਲਾ ਫੂਕਿਆ; ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼
Advertisement

ਪੱਤਰ ਪ੍ਰੇਰਕ

ਪਟਿਆਲਾ, 12 ਜੁਲਾਈ

Advertisement

ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਅਨਾਰਦਾਨਾ ਚੌਕ ਵਿਚ ਭਾਜਪਾ ਦਾ ਪੁਤਲਾ ਸਾੜਿਆ ਅਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਦੇ ਦੋਸ਼ ਲਾਏ। ‌ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂ ਵਾਲੇ ਨੇ ਕਿਹਾ ਕਿ ਭਾਜਪਾ ਗੈਂਗਸਟਰਾਂ ਨੂੰ ਬਚਾਅ ਰਹੀ ਹੈ, ਪੰਜਾਬ ਨੂੰ ਭਾਜਪਾ ਗੈਂਗਸਟਰਾਂ ਦੇ ਪੱਖ ਕਰ ਕੇ ਆਪਣੀ ਸਾਜ਼ਿਸ਼ੀ ਖੇਡ ਖੇਡ ਰਹੀ ਹੈ। ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਅਬੋਹਰ ਵਿਚ ਮਾਰੇ ਗਏ ਕੱਪੜਾ ਵਪਾਰੀ ਪ੍ਰਤੀ ਭਾਜਪਾ ਦੀ ਕੋਈ ਹਮਦਰਦੀ ਨਹੀਂ ਹੈ ਸਗੋਂ ਉਨ੍ਹਾਂ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਮਾਰੇ ਗਏ ਗੈਂਗਸਟਰਾਂ ਦੇ ਪੱਖ ਵਿਚ ਬਿਆਨ ਦੇ ਰਹੇ ਹਨ। ਅਜੀਤਪਾਲ ਕੋਹਲੀ ਨੇ ਕਿਹਾ ਕਿ ਗੁਜਰਾਤ ਵਿੱਚ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ ਉੱਥੇ ਗੈਂਗਸਟਰਾਂ ਦਾ ਗੁਰੂ ਲਾਰੈਂਸ ਬਿਸ਼ਨੋਈ ਬੜੇ ਹੀ ਵੀਆਈਪੀ ਮਾਹੌਲ ਵਿਚ ਰਹਿ ਰਿਹਾ ਹੈ ਤੇ ਉਹ ਗੁਜਰਾਤ ਦੀ ਜੇਲ੍ਹ ਵਿਚ ਹੁੰਦਾ ਹੋਇਆ ਕਦੇ ਮੁੰਬਈ ਵਿਚ ਕਤਲ ਕਰਾਉਂਦਾ ਹੈ ਕਦੇ ਉਹੀ ਪੰਜਾਬ ਵਿਚ ਕਤਲ ਕਰਾਉਂਦਾ ਹੈ, ਕਦੇ ਉਹ ਪੰਜਾਬ ਵਿਚੋਂ ਫਿਰੌਤੀਆਂ ਮੰਗਦਾ ਹੈ। ਪਰ ਭਾਜਪਾ ਦੀ ਗੁਜਰਾਤ ਸਰਕਾਰ ਚੁੱਪ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦਿਆਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ ਪਰ ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਜਿਸ ਕਰਕੇ ਪੂਰੇ ਪੰਜਾਬ ਵਿਚ ਅੱਜ ‘ਆਪ’ ਨੇ ਭਾਜਪਾ ਦੀ ਲੀਡਰਸ਼ਿਪ ਦੇ ਪੁਤਲੇ ਸਾੜੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਸਮੇਤ ਹੋਰ ਵੀ ਆਗੂ ਮੌਜੂਦ ਸਨ।

Advertisement