ਭਵਾਨੀਗੜ੍ਹ ਪੁਲੀਸ ਨੇ ਸਾਢੇ 10 ਗਰਾਮ ਹੈਰੋਇਨ ਸਮੇਤ 3 ਜਣੇ ਕਾਬੂ ਕੀਤੇ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਭਵਾਨੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਬੀਐਮ ਡਬਲਿਊ ਕਾਰ ਅਤੇ 10.5 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ 9 ਵਜੇ ਦੇ ਕਰੀਬ ਬਖੋਪੀਰ - ਆਲੋਅਰਖ ਰੋਡ ’ਤੇ ਗਸ਼ਤ ਕਰ ਰਹੇ ਸਨ ਤਾਂ ਬਖੋਪੀਰ ਟੀ ਪੁਆਇੰਟ ’ਤੇ ਸਾਹਮਣਿਓ ਆ ਰਹੀ ਇਕ ਕਾਰ ਨੰਬਰ ਸੀ ਐਚ 01-ਬੀ ਪੀ 34 ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਕਾਰ ਚਾਲਕ ਨੇ ਇਕ ਦਮ ਆਪਣੀ ਗੱਡੀ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਬੰਦ ਹੋ ਗਈ, ਜਿਸਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰ ਲਿਆ।
ਕਾਰ ਵਿਚ ਬੈਠੇ 3 ਵਿਅਕਤੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੀ ਪਹਿਚਾਣ ਹਰਨੂਰ ਸਿੰਘ ਉਰਫ ਹਰਨੂ ਵਾਸੀ ਪਟਿਆਲਾ, ਉਤਸਵ ਗਰਗ ਉਰਫ ਜਸਨ ਵਾਸੀ ਤੂਰ ਪੱਤੀ ਭਵਾਨੀਗੜ੍ਹ ਅਤੇ ਮੁਹੰਮਦ ਸਾਹਿਲ ਉਰਫ ਸਾਹਿਲ ਵਾਸੀ ਬਹਿਲਾਂ ਪੱਤੀ ਭਵਾਨੀਗੜ੍ਹ ਵਜੋਂ ਹੋਈ। ਉਕਤ ਵਿਅਕਤੀਆਂ ਦੇ ਕਬਜੇ ਵਿਚੋਂ ਪੁਲੀਸ ਨੇ ਸਾਢੇ 10 ਗਰਾਮ ਹੈਰੋਇਨ ਬਰਾਮਦ ਕੀਤੀ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਵੱਲੋਂ ਤਿੰਨੋਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ।