ਬਾਦਸ਼ਾਹਪੁਰ ਬਿਜਲੀ ਗਰਿੱਡ ਇਲਾਕੇ ਦੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 66 ਕੇਵੀ ਦਾ ਗਰਿੱਡ, ਜੋ 70-80 ਪਿੰਡਾਂ ਨੂੰ ਬਿਜਲੀ ਸਪਲਾਈ ਕਰਦਾ ਹੈ, ਉਹ ਨੀਵੇਂ ਥਾਂ ਬਣਿਆ ਹੋਣ ਕਰਕੇ ਘੱਗਰ ਦੇ ਹੜ੍ਹ ਦਾ ਪਾਣੀ ਗਰਿੱਡ ’ਚ ਭਰ ਜਾਂਦਾ ਹੈ।
ਇਮਾਰਤ ਪੁਰਾਣੀ ਹੋਣ ਕਰਕੇ ਛੱਤਾਂ ਚੋਣ ਲੱਗ ਜਾਂਦੀਆਂ ਹਨ, ਜਿਸ ਕਰਕੇ ਮੁਲਾਜ਼ਮਾਂ ਨੂੰ ਬਿਜਲੀ ਦੀ ਸਪਲਾਈ ਬੰਦ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। 15 ਜੁਲਾਈ, 2023 ਨੂੰ ਜਦੋਂ ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਹੁੰਦੇ ਸਨ ਅਤੇ ਬਲਦੇਵ ਸਿੰਘ ਸਰਾਂ ਮੈਨੇਜਿੰਗ ਡਾਇਰੈਕਟਰ ਸਨ ਤਾਂ ਉਨ੍ਹਾਂ ਉਸ ਵੇਲੇ ਜਦੋਂ ਗਰਿੱਡ ‘ਚ ਜਦੋਂ ਪਾਣੀ ਭਰਿਆ ਹੋਇਆ ਸੀ ਤੇ 20-25 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਸੀ, ਦਾ ਮੌਕੇ ’ਤੇ ਦੌਰਾ ਕਰਕੇ ਗਰਿੱਡ ਨੂੰ ਨਵੀਂ ਬਿਲਡਿੰਗ ਤੇ ਉੱਚਾ ਕਰਕੇ ਬਣਾਉਣ ਦਾ ਐਲਾਨ ਕੀਤਾ ਸੀ। ਦੋ ਸਾਲ ਬੀਤਣ ਦੇ ਬਾਵਜੂਦ ਇਸ ਐਲਾਨ ਨੂੰ ਹਾਲੇ ਤੱਕ ਬੂਰ ਨਹੀਂ ਪਿਆ, ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਆਗੂ ਹਰਭਜਨ ਸਿੰਘ ਬੁੱਟਰ ਨੇ ਪੰਜਾਬ ਸਰਕਾਰ ਅਤੇ ਤਤਕਾਲੀਨ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਗਰਿੱਡ ਨੂੰ ਉੱਚਾ ਕਰਕੇ ਨਵੀਂ ਇਮਾਰਤ ਬਣਾਈ ਜਾਵੇ। ਪੰਜਾਬ ਰਾਜ ਬਿਜਲੀ ਬੋਰਡ ਦੇ ਐਕਸ਼ਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਪਲਾਨਿੰਗ ਦੀ ਅਪਰੂਵਲ ਤਾਂ ਹੋ ਗਈ ਹੈ, ਬਾਕੀ ਬਜਟ ਅਤੇ ਇਸ ਦੇ ਅਗਲੀ ਕਾਰਵਾਈ ਬਾਰੇ ਸਿਵਲ ਐਕਸੀਅਨ ਦੱਸ ਸਕਦੇ ਹਨ, ਜਦਕਿ ਸਿਵਲ ਐਕਸੀਅਨ ਨਾਲ ਸੰਪਰਕ ਨਹੀਂ ਹੋ ਸਕਿਆ।