ਸਵੈ-ਜੀਵਨੀ ‘ਅੰਗਰੇਜ਼ੋ ਦਾ ਲਾਡਲਾ’ ਲੋਕ ਅਰਪਣ
ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿੱਚ ਸਾਹਿਤਕ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰਧਾਨਗੀ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਸ਼ਾਮਲ ਹੋਏ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਰਿਸਾਲੇ ‘ਅਣੂ’ (ਲੁਧਿਆਣਾ) ਦੇ ਸੰਪਾਦਕ ਸੁਰਿੰਦਰ ਕੈਲੇ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਸਿੱਧ ਨਾਟਕਕਾਰ ਸਤਿੰਦਰ ਸਿੰਘ ਨੰਦਾ ਸ਼ਾਮਲ ਹੋਏ। ਇਸ ਮੌਕੇ ਪ੍ਰਸਿੱਧ ਉੱਘੇ ਰਘਬੀਰ ਸਿੰਘ ਮਹਿਮੀ ਦੀ ਸਵੈ ਜੀਵਨੀ ‘ਅੰਗਰੇਜ਼ੋ ਦਾ ਲਾਡਲਾ’ (ਭਾਗ ਦੂਜਾ) ਦਾ ਲੋਕ ਅਰਪਣ ਕੀਤਾ ਕੀਤਾ ਗਿਆ। ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਸਵੈ-ਜੀਵਨੀ ਲਿਖਣਾ ਸਰਲ ਕਾਰਜ ਨਹੀਂ ਸਗੋਂ ਸਖ਼ਤ ਮਿਹਨਤ, ਲਗਨ ਤੇ ਇਕਾਗਰਤਾ ਦਾ ਸਿੱਟਾ ਹੁੰਦਾ ਹੈ। ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਰਘਬੀਰ ਸਿੰਘ ਮਹਿਮੀ ਦੇ ਜੀਵਨ ਦੇ ਕੌੜੇ ਸੱਚ ਨੂੰ ਬਿਆਨਦੀ ਇਹ ਪੁਸਤਕ ਸਵੈ-ਜੀਵਨੀ ਪਿੜ ਦੇ ਖੋਜਾਰਥੀਆਂ ਲਈ ਲਾਹੇਵੰਦ ਸਿੱਧ ਹੋਵੇਗੀ। ਸੁਰਿੰਦਰ ਕੈਲੇ ਨੇ ਕਿਹਾ ਕਿ ਅਜਿਹੇ ਸਮਾਗਮ ਵਰਕਸ਼ਾਪਾਂ ਦੀ ਭੂਮਿਕਾ ਨਿਭਾਉਂਦੇ ਹਨ। ਸਤਿੰਦਰ ਸਿੰਘ ਨੰਦਾ ਨੇ ਕਿਹਾ ਕਿ ਮਹਿਮੀ ਦੀ ਇਹ ਪੁਸਤਕ ਉਸ ਦੇ ਜੀਵਨ ਦੇ ਲੰਮੇਰੇ ਸੰਘਰਸ਼ ਦੀ ਦਾਸਤਾਨ ਦਾ ਦੂਜਾ ਨਾਮ ਹੈ। ਇਸ ਪੁਸਤਕ ਉਪਰ ਮੁੱਖ ਪੇਪਰ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰਜੀਤ ਸਿੰਘ ਖ਼ੁਰਮਾ ਵੱਲੋਂ ਲਿਖਿਆ ਗਿਆ ਮੁੱਖ ਪੇਪਰ ਮਨਪ੍ਰੀਤ ਕੌਰ ਨੇ ਪੜ੍ਹਿਆ।