ਨਾਭਾ ਜੇਲ੍ਹ ਤੋਂ ਅੱਜ ਬਿਕਰਮ ਮਜੀਠੀਆ ਨੂੰ ਪੇਸ਼ੀ ਲਈ ਲੈ ਕੇ ਜਾਣ ਦੀ ਰਿਪੋਰਟਿੰਗ ਕਰ ਰਹੇ ਪੀਟੀਸੀ ਦੇ ਸਥਾਨਕ ਪੱਤਰਕਾਰ ਸੰਜੀਵ ਸ਼ਰਮਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪੁਲੀਸ ਨੇ ਆਪਣਾ ਕੰਮ ਕਰਨ ਤੋਂ ਰੋਕਿਆ ਤੇ ਉਨ੍ਹਾਂ ਦਾ ਮੋਬਾਈਲ ਫੜ ਲਿਆ। ਸਥਾਨਕ ਪ੍ਰੈੱਸ ਕਲੱਬ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਪੀੜਤ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ ਜੇਲ੍ਹ ਦੇ ਬਾਹਰ ਨਾਭਾ ਭਵਾਨੀਗੜ੍ਹ ਰੋਡ ਉੱਪਰ ਖੜੇ ਰਿਪੋਰਟਿੰਗ ਕਰ ਰਹੇ ਸਨ। ਇਸ ਘਟਨਾ ਉਪਰੰਤ ਰਿਆਸਤ ਏ ਨਾਭਾ ਪ੍ਰੈੱਸ ਕਲੱਬ ਨੇ ਮੀਟਿੰਗ ਕੀਤੀ ਅਤੇ ਐੱਸਐੱਸਪੀ ਪਟਿਆਲਾ ਨਾਲ ਸੰਪਰਕ ਕੀਤਾ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਉਹ ਮਾਮਲੇ ਦਾ ਪਤਾ ਲਗਾਉਣਗੇ। ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਕਲੱਬ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਨਿੰਦਣਯੋਗ ਹੈ।