ਆੜ੍ਹਤੀਆਂ ਵੱਲੋਂ ਅਨਾਜ ਮੰਡੀ ਨੂੰ ਜਿੰਦਰੇ ਲਾਉਣ ਦੀ ਚਿਤਾਵਨੀ
ਜੀਰੀ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ
ਇੱਥੇ ਮੁੱਖ ਅਨਾਜ ਮੰਡੀ ’ਚ ਜੀਰੀ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਫ਼ਸਲ ਫੜ੍ਹਾਂ ਉੱਤੇ ਢੇਰੀ ਕਰਨ ’ਚ ਕਾਫ਼ੀ ਦਿੱਕਤ ਆ ਰਹੀ ਹੈ। ਦਰਅਸਲ, ਜ਼ੀਰੀ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੇ ਭਰੀਆਂ ਪੰਜ ਲੱਖ ਤੋਂ ਵੱਧ ਬੋਰੀਆਂ ਲਿਫਟਿੰਗ ਨਾ ਹੋਣ ਕਰਕੇ ਫੜ੍ਹਾਂ ’ਤੇ ਰੱਖ ਦਿੱਤੀਆਂ ਗਈਆਂ ਹਨ। ਕਿਸਾਨ ਮੰਡੀ ਵਿੱਚ ਹੋਰ ਜੀਰੀ ਵੇਚਣ ਲਈ ਲਿਆ ਕੇ ਸੜਕਾਂ ਵੀ ਭਰ ਚੁੱਕੇ ਹਨ। ਕਿਸਾਨਾਂ ਤੇ ਆੜ੍ਹਤੀਆਂ ਦੀ ਮੰਗ ਹੈ ਕਿ ਮੰਡੀ ਵਿੱਚੋਂ ਜੀਰੀ ਦੀ ਲਿਫਟਿੰਗ ਜਲਦੀ ਕਰਵਾਈ ਜਾਵੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਗਰਗ ਨੇ ਦੱਸਿਆ ਕਿ ਉਹ ਹਫ਼ਤੇ ਭਰ ਤੋਂ ਪ੍ਰਸ਼ਾਸਨ ਨਾਲ ਰਾਬਤਾ ਰੱਖ ਕੇ ਅਨਾਜ ਮੰਡੀ ’ਚੋਂ ਜੀਰੀ ਦੀ ਲਿਫਟਿੰਗ ਨਾ ਹੋਣ ਦੀ ਸਮੱਸਿਆ ਬਾਰੇ ਰੋਜ਼ਾਨਾ ਜਾਣੂ ਕਰਵਾ ਰਹੇ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ ਜਦੋਂਕਿ ਹਫ਼ਤੇ ਭਰ ’ਚ ਦੋ ਤੋਂ ਪੰਜ ਲੱਖ ਤੋਂ ਵੀ ਵੱਧ ਬੋਰੀ ਲਿਫਟਿੰਗ ਹੋਣ ਅਤੇ ਲੱਖਾਂ ਬੋਰੀ ਭਰਨ ਤੋਂ ਵੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀ ਵਿਚੋਂ ਲਿਫਟਿੰਗ ਦਾ ਪ੍ਰਬੰਧ ਜਲਦੀ ਨਾਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਅਨਾਜ ਮੰਡੀ ਵਿੱਚ ਜੀਰੀ ਨੂੰ ਢੇਰੀ ਕਰਨ ਲਈ ਥਾਂ ਨਾਂ ਹੋਣ ਕਰਕੇ ਅਨਾਜ ਮੰਡੀ ਦੇ ਗੇਟਾਂ ਨੂੰ ਜਿੰਦਰੇ ਲੱਗਾ ਕੇ ਪ੍ਰਸ਼ਾਸਨ ਨੂੰ ਚਾਬੀਆਂ ਦੇਣੀਆਂ ਪੈਣਗੀਆਂ।
ਆੜ੍ਹਤੀ ਟਵਿੰਕਲ ਤੇ ਰਾਜ ਕੁਮਾਰ ਸਿੰਗਲਾ ਨੇ ਦੱਸਿਆ ਕਿ ਅਨਾਜ ਮੰਡੀ ਵਿੱਚੋਂ ਜੀਰੀ ਦੀ ਲਿਫਟਿੰਗ ਲਈ ਜੇਕਰ 150 ਟਰੱਕਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਟਰਾਂਸਪੋਟਰ ਵੱਲੋਂ 5-10 ਟਰੱਕ ਹੀ ਭੇਜੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੋ ਟਰੱਕ ਭੇਜੇ ਜਾਂਦੇ ਹਨ, ਉਨ੍ਹਾਂ ਦੇ ਡਰਾਈਵਰ ਆੜ੍ਹਤੀਆਂ ਨੂੰ ਬਲੈਕਮੇਲ ਕਰ ਕੇ ਭ੍ਰਿਸ਼ਟਾਚਾਰ ਰਾਹੀਂ ਜੋ ਆੜ੍ਹਤੀ ਉਨ੍ਹਾਂ ਦੀ ਡਿਮਾਂਡ ਪੂਰੀ ਕਰਦਾ ਹੈ, ਉਸ ਦੀ ਦੁਕਾਨ ਤੋਂ ਹੀ ਲਿਫਟਿੰਗ ਕਰਦੇ ਹਨ।
ਮੰਡੀ ’ਚ ਇੱਕਦਮ ਜੀਰੀ ਆਉਣ ਕਾਰਨ ਆਈ ਦਿੱਕਤ: ਐੱਸ ਡੀ ਐੱਮ
ਐੱਸ ਡੀ ਐੱਮ ਰਿਚਾ ਗੋਇਲ ਨਾਲ ਅਨਾਜ ਮੰਡੀ ’ਚੋਂ ਜੀਰੀ ਦੀ ਲਿਫਟਿੰਗ ਦੀ ਸਮੱਸਿਆ ਵਧਣ ਸੰਬਧੀ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੀਰੀ ਮੰਡੀ ਵਿੱਚ ਇੱਕਦਮ ਆ ਜਾਣ ਕਾਰਨ ਅਤੇ ਫੂਡ-ਕਾਰਪੋਰੇਸ਼ਨ ਆਫ ਇੰਡੀਆ ਦੀਆਂ ਤਿੰਨ ਕਣਕ ਦੀਆਂ ਸਪੈਸ਼ਲਾਂ ਲੱਗਣ ਕਾਰਨ ਇੱਕੋਂ ਟਰਾਂਸਪੋਰਟਰ ’ਤੇ ਲੇਬਰ ਠੇਕੇਦਾਰ ਹੋਣ ਕਾਰਨ ਇਹ ਸਮੱਸਿਆ ਆਈ ਹੈ ਜਿਸ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।

