ਪਿੰਡ ਜੁਲਕਾਂ ’ਚ ਮਾਮੂਲੀ ਤਕਰਾਰ ਮਗਰੋਂ ਬਜ਼ੁਰਗ ਦੀ ਰਾਡ ਮਾਰ ਕੇ ਹੱਤਿਆ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 8 ਅਗਸਤ
ਇੱਥੋਂ ਦੇ ਪਿੰਡ ਜੁਲਕਾਂ ਵਿੱਚ ਮਾਮੂਲੀ ਤਕਰਾਰ ਕਾਰਨ ਇੱਕ ਬਿਰਧ ਵਿਅਕਤੀ ਦੀ ਰਾਡ ਸਿਰ ’ਚ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਅਮਰ ਸਿੰਘ ਵਾਸੀ ਜੁਲਕਾਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਹਰਦੀਪ ਸਿੰਘ ਨੇ ਥਾਣਾ ਜੁਲਕਾਂ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਘਰ ਦੇ ਬਾਹਰ ਕੁਰਸੀ ’ਤੇ ਬੈਠਾ ਸੀ। ਇਸੇ ਦੌਰਾਨ ਬਿਜਲੀ ਦੀ ਤਾਰ ਕਾਰਨ ਹੋਏ ਝਗੜੇ ’ਚ ਪਿੰਡ ਦੇ ਕੁਝ ਵਿਅਕਤੀ ਉਸ ਦੇ ਪਿਤਾ ਨਾਲ ਖਹਬਿੜ ਗਏ। ਪਿੰਡ ਦੇ ਨਵਦੀਪ ਸਿੰਘ ਨੇ ਗਾਲ੍ਹਾਂ ਕੱਢਦਿਆਂ ਆਪਣੇ ਹੱਥ ’ਚ ਫੜੀ ਲੋਹੇ ਦੀ ਰਾਡ ਉਸ ਦੇ ਪਿਤਾ ਦੇ ਸਿਰ ਵਿੱਚ ਮਾਰ ਦਿੱਤੀ। ਇਸ ਮਗਰੋਂ ਇਕ ਹੋਰ ਵਾਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜੁਲਕਾਂ ਨੇ ਲੋਹੇ ਦਾ ਸਰੀਆ ਉਸ ਦੇ ਪਿਤਾ ਅਮਰ ਸਿੰਘ ਦੇ ਮੂੰਹ ’ਤੇ ਮਾਰਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਹਮਲਾਵਰ ਉਥੋਂ ਭੱਜ ਗਏ। ਇਸ ਮਗਰੋਂ ਉਸ ਦੇ ਪਿਤਾ ਅਮਰ ਸਿੰਘ ਨੂੰ ਦੁਧਨਸਾਧਾਂ ਹਸਪਤਾਲ ਲਿਆਂਦਾ ਗਿਆ। ਉਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਤੇ ਰਾਜਿੰਦਰ ਹਸਪਤਾਲ ਵਿੱਚ ਡਾਕਟਰਾਂ ਨੇ ਅਮਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਨਵਦੀਪ ਸਿੰਘ ਪੁੱਤਰ ਦਲਜੀਤ ਸਿੰਘ, ਵਾਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜੁਲਕਾਂ, ਬਲਜੀਤ ਸਿੰਘ ਤੇ ਸੁਖਦੇਵ ਸਿੰਘ ਪੁੱਤਰ ਅੱਛਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।