ਅਕਾਲੀ ਦਲ ਦੀ ਚਾਰ ਮੈਂਬਰੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਪੰਜਾਬ ਵਿੱਚ ਪਿਛਲੇ ਦਿਨੀਂ ਆਏ ਭਾਰੀ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ। ਇਸ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਦੇਵੀਗੜ੍ਹ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਾਰ ਮੈਂਬਰੀ ਬਣਾਈ ਕਮੇਟੀ ਨੇ ਘੱਗਰ ਅਤੇ ਟਾਂਗਰੀ ਦੇ ਹੜ੍ਹ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ। ਇਸ ਕਮੇਟੀ ਵਿੱਚ ਐੱਨ.ਕੇ. ਸ਼ਰਮਾ, ਦਰਬਾਰਾ ਸਿੰਘ ਗੁਰੂ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਸ਼ਾਮਲ ਸਨ। ਇਸ ਮੌਕੇ ਪਿੰਡ ਔਝਾਂ ਵਿੱਚ ਕਿਸਾਨਾਂ ਦਾ ਹਾਲ ਜਾਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਫਸਲਾਂ ਦੇ ਖਰਾਬੇ ਸਬੰਧੀ ਵਿਤਕਰਾ ਕਰ ਰਹੀ ਹੈ, ਉੱਥੇ ਪੰਜਾਬ ਸਰਕਾਰ ਵੀ ਕਿਸਾਨਾਂ ਦੀ ਸੱਚੀ ਹਮਦਰਦ ਨਹੀਂ ਜਾਪਦੀ ਜਿਸ ਨੇ ਅਜੇ ਤੱਕ ਨਾ ਤਾਂ ਗਿਰਦਾਵਰੀਆਂ ਸ਼ੁਰੂ ਕੀਤੀਆਂ ਹਨ ਅਤੇ ਨਾ ਹੀ ਕਿਸਾਨਾਂ ਦੇ ਫਸਲਾਂ ਅਤੇ ਘਰਾਂ ਦੇ ਖਰਾਬੇ ਦਾ ਪੂਰਾ ਪੈਸਾ ਕਿਸਾਨਾਂ ਨੂੰ ਦੇਣ ਦੀ ਗੱਲ ਕਰ ਰਹੀ ਹੈ। ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜੋ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ, ਉਹ ਹਲਕੇ ਦੀ ਸਾਰੀ ਰਿਪੋਰਟ ਤਿਆਰ ਕਰਕੇ 19 ਸਤੰਬਰ ਤੱਕ ਸੁਖਬੀਰ ਸਿੰਘ ਬਾਦਲ ਨੂੰ ਸੌਂਪੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਹਰਾ ਚਾਰਾ, ਕਣਕ ਦਾ ਬੀਜ਼, ਜ਼ਮੀਨ ਤਿਆਰ ਕਰਨ ਲਈ ਟਰੈਕਟਰ ਅਤੇ ਡੀਜ਼ਲ ਤੋਂ ਇਲਾਵਾ ਘਰਾਂ ਦੀ ਮੁਰੰਮਤ ਲਈ ਪੈਸੇ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦਾ ਖਰਾਬਾ ਦੇਣ ਵਿੱਚ ਆਨਾ ਕਾਨੀ ਕੀਤੀ ਤਾਂ ਅਕਾਲੀ ਦਲ ਵੱਡਾ ਸੰਘਰਸ਼ ਕਰੇਗਾ ਅਤੇ ਕਿਸਾਨਾਂ ਦੀ ਪੂਰੀ ਮਦਦ ਕਰੇਗਾ। ਇਸ ਮੌਕੇ ਇਸ ਟੀਮ ਨਾਲ ਕੌਮੀ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ, ਕ੍ਰਿਸ਼ਨ ਸਿੰਘ ਸਨੌਰ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਹਰਮਿੰਦਰ ਸਿੰਘ, ਜਸਵੀਰ ਬਿੱਟੂ, ਗੁਰਬਖਸ਼ ਸਿੰਘ ਟਿਵਾਣਾ, ਭਰਪੂਰ ਸਿੰਘ ਮਹਿਤਾਬਗੜ੍ਹ, ਮੁਖਤਿਆਰ ਸਿੰਘ ਮੌਹਲਗੜ੍ਹ, ਜਸਕਰਨ ਸਿੰਘ, ਜਗਦੇਵ ਸਿੰਘ ਤੇਜਾ, ਰਾਮ ਚੰਦਰ ਜੋਗੀਪੁਰ ਤੇ ਸੁਰਜੀਤ ਸਿੰਘ ਆਦਿ ਮੌਜੂਦ ਸਨ।