ਪੱਤਰ ਪ੍ਰੇਰਕ
ਪਟਿਆਲਾ, 14 ਜੁਲਾਈ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਲਗਪਗ 90 ਫ਼ੀਸਦੀ ਰਕਬੇ ਵਿੱਚ ਝੋਨੇ ਦੀ ਫ਼ਸਲ 25-30 ਦਿਨਾਂ ਦੀ ਹੋਣ ਵਾਲੀ ਹੈ ਅਤੇ ਮੌਸਮ ਅਨੁਸਾਰ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਤਾਂ ਜੋ ਕਿਸੇ ਵੀ ਖੁਰਾਕੀ ਤੱਤ, ਬਿਮਾਰੀ ਅਤੇ ਕੀੜੇ ਮਕੌੜਿਆਂ ਦੀ ਸਮੱਸਿਆ ਨੂੰ ਸਮੇਂ ਰਹਿੰਦਿਆਂ ਹੱਲ ਕਰ ਲਿਆ ਜਾਵੇ।ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਖੇਤਾਂ ਵਿੱਚ ਜ਼ਿੰਕ ਦੀ ਘਾਟ, ਝੋਨੇ ਦੇ ਪੀਲ਼ੇਪਣ ਦੀ ਸਮੱਸਿਆ, ਬੂਟੇ ਦਾ ਨਾ ਵਧਣਾ, ਤਣੇ ਦਾ ਗਲਨਾ ਅਤੇ ਮਧਰੇਪਣ ਦੀ ਸਮੱਸਿਆ ਦੇਖਣ ਨੂੰ ਆ ਸਕਦੀ ਹੈ, ਅਜਿਹੀ ਸਥਿਤੀ ਵਿੱਚ ਕਿਸਾਨ ਘਬਰਾਉਣ ਨਾ ਅਤੇ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਤਾਲਮੇਲ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਕਿਸਾਨ 25 ਕਿੱਲੋ ਜ਼ਿੰਕ ਸਲਫ਼ੇਟ 21 ਫ਼ੀਸਦੀ ਦੀ ਵਰਤੋਂ ਕਰਨ ਅਤੇ ਜੇਕਰ ਝੋਨੇ ਵਿੱਚ ਕਾਲੀਆਂ ਜੜ੍ਹਾਂ ਨਜ਼ਰ ਆਉਣ ਤਾਂ ਖੇਤ ਦੇ ਪਾਣੀ ਨੂੰ ਸੁਕਾ ਕੇ ਬੂਟੇ ਨੂੰ ਹਵਾ ਲਗਵਾਈ ਜਾਵੇ ਤਾਂ ਜੋ ਬੂਟੇ ਨੂੰ ਆਕਸੀਜਨ ਦੀ ਮਾਤਰਾ ਪੂਰੀ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਕਿਸੇ ਪ੍ਰਕਾਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।