ਏ ਡੀ ਜੀ ਪੀ ਹੱਤਿਆ ਮਾਮਲਾ: ਬਸਪਾ ਨੇ ਰੋਸ ਮਾਰਚ ਕਰ ਕੇ ਸੌਂਪੇ ਮੰਗ ਪੱਤਰ
ਹਰਿਆਣਾ ਦੇ ਡੀ ਜੀ ਪੀ ਖ਼ਿਲਾਫ਼ ਵੀ ਦਰਜ ਹੋਵੇ ਪਰਚਾ: ਪਨੌਦੀਆਂ
ਹਰਿਆਣਾਂ ਦੇ ਏ ਡੀ ਜੀ ਪੀ ਵਾਈ ਪੂਰਨ ਕੁਮਾਰ ਆਈ ਪੀ ਐੱਸ ਦੇ ਖੁਦਕੁਸ਼ੀ ਮਾਮਲੇ ’ਚ ਠੋਸ ਕਾਰਵਾਈ ਦੀ ਮੰਗ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਦੀ ਅਗਵਾਈ ਹੇਠ ਬਸਪਾ ਦੇ ਸਥਾਨਕ ਦਫ਼ਤਰ ਪੰਚਾਇਤ ਭਵਨ ਪਟਿਆਲਾ ਤੋਂ ਖੰਡਾ ਚੌਕ ਤੱਕ ਰੋਸ ਮਾਰਚ ਕੀਤਾ ਗਿਆ। ਜਿਸ ਦੌਰਾਨ ਬਸਪਾ ਦੇ ਸੂਬਾਈ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ ਸੂਬਾ ਕਮੇਟੀ ਦੀ ਤਰਫ਼ੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਬਸਪਾ ਕਾਰਕੁਨਾਂ ਨੇ ਹਰਿਆਣਾ ਸਰਕਾਰ ਦੇ ਖ਼ਿਲਾਫ਼ ਮੁਜ਼ਾਹਰਾ ਵੀ ਕੀਤਾ।
ਇਯ ਮੌਕੇ ਸੰਬੋਧਨ ਕਰਦਿਆਂ ਜੋਗਾ ਸਿੰਘ ਪਨੌਦੀਆਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਜਾਤੀ ਭੇਦਭਾਵ ਤੋਂ ਤੰਗ ਆ ਕੇ ਇੱਕ ਆਈ ਪੀ ਐੱਸ ਅਧਿਕਾਰੀ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਕਾਰਵਾਈ ਅਜਿਹੇ ਕਾਰਨਾਮਿਆਂ ਦਾ ਪ੍ਰਤੱਖ ਸਬੂਤ ਹੈ।
ਉਨ੍ਹਾ ਹੋਰ ਕਿਹਾ ਕਿ ਇਸ ਲਈ ਜ਼ਿੰਮੇਵਾਰ ਹਰਿਆਣਾ ਦੇ ਡੀਜੀਪੀ ਤੇ ਹੋਰ ਅਧਿਕਾਰੀਆਂ ਨੂੰ ਬਚਾਉਣ ਲਈ ਹਰਿਆਣਾ ਸਰਕਾਰ ਵੱਲੋਂ ਹੀ ਉਸ ਦੀ ਪਿੱਠ ’ਤੇ ਆ ਖਲੋਣ ਦੀ ਕਾਰਵਾਈ ਹੋਰ ਵੀ ਮੰਦਭਾਗੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਹਰਿਆਣਾ ਦੇ ਡੀਜੀਪੀ ਨੂੰ ਵੀ ਇਸ ਕੇਸ ’ਚ ਸ਼ਾਮਲ ਕਰਕੇ ਉਸ ਖ਼ਿਲਾਫ਼ਾ ਵੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਮੌਕੇ ਜੋਗਾ ਸਿੰਘ ਪਨੌਦੀਆਂ ਤੋਂ ਇਲਾਵਾ ਜਿਲ੍ਹਾ ਦਫਤਰ ਸਕੱਤਰ ਜਗਮੇਲ ਸਿੰਘ ਜੱਸਲ, ਜਿਲ੍ਹਾਂ ਕੋਆਰਡੀਨੇਟਰ ਸੁੱਖ ਲਾਲ ਸਮੇਤ ਹੋਰ ਵੀ ਸ਼ਾਮਲ ਰਹੇ। ਇਸੇ ਦੌਰਾਨ ਬਸਪਾ ਦੇ ਹੀ ਸੂਬਾ ਆਗੂ ਬਲਦੇਵ ਸਿੰਘ ਮਹਿਰਾ ਅਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਜਗਜੀਤ ਸਿੰਘ ਛੜਬੜ ਨੇ ਵੀ ਇੱਕ ਵੱਖਰਾ ਬਿਆਨ ਜਾਰੀ ਕਰਕੇ ਇਸ ਮਾਮਲੇ ’ਚ ਹਰਿਆਣਾ ਦੇ ਡੀਜੀਪੀ ਦੇ ਖਿਲਾਫ਼ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਦੀ ਸੀ ਬੀ ਆਈ ਤੋਂ ਜਾਂਚ ਕਰਾਉਣ ਦੀ ਮੰਗ
ਸੰਗਰੂਰ(ਗੁਰਦੀਪ ਸਿੰਘ ਲਾਲੀ): ਬਹੁਜਨ ਸਮਾਜ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਤੇ ਹਰਿਆਣਾ ਦੇ ਪੁਲੀਸ ਅਧਿਕਾਰੀ ਵੱਲੋਂ ਖੁਦਕੁਸ਼ੀ ਕਰਨ ਵਰਗੀਆਂ ਘਟਨਾਵਾਂ ਵਿਰੁੱਧ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਤੇ ਇਨ੍ਹਾਂ ਘਟਨਾਵਾਂ ਨੂੰ ਇੱਕ ਮਨੂੰਵਾਦੀ ਅਤੇ ਜਾਤੀਵਾਦੀ ਮਾਨਸਿਕਤਾ ਵਾਲੀਆਂ ਫ਼ਿਰਕੂ ਘਟਨਾਵਾਂ ਕਰਾਰ ਦਿੱਤਾ ਗਿਆ। ਬਸਪਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ. ਮੱਖਣ ਸਿੰਘ ਨੇ ਕਿਹਾ ਕਿ ਹਰਿਆਣਾ ਪੁਲੀਸ ਦੇ ਵੱਡੇ ਅਫਸਰ ਵਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਨੂੰ ਜਾਤੀਵਾਦੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਨ੍ਹਾਂ ਨੇ ਆਪਣੀ ਖੁਦਕੁਸ਼ੀ ਨੋਟ ਵਿੱਚ ਡੀਜੀਪੀ ਹਰਿਆਣਾ ਸਣੇ 14 ਅਫ਼ਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਬਸਪਾ ਵਲੋਂ ਗੰਭੀਰਤਾ ਲੈਂਦਿਆਂ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਅਤੇ ਡਾ. ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਦੇ ਆਦੇਸ਼ਾਂ ਅਨੁਸਾਰ ਸਾਰੇ ਪੰਜਾਬ ਵਿੱਚ ਰੋਸ ਮੁਜ਼ਾਹਰੇ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਦੀ ਘਟਨਾ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ, ਮੁਲਜ਼ਮਾਂ ਨੂੰ ਤੁਰੰਤ ਡਿਸਮਿਸ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਤੌਹੀਨ ਕਰਨ ਦੇ ਦੋਸ਼ ਹੇਠ ਵਕੀਲ ਨੂੰ ਸਜ਼ਾ ਦੇਣ ਲਈ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।