ਅਦਾਰਾ ਪਰਵਾਜ਼ ਵੱਲੋਂ ਕਾਵਿ ਸੰਗ੍ਰਹਿ ‘ਮੈਂ ਗਾਜ਼ਾ ਕਹਿਨਾ’ ਲੋਕ ਅਰਪਣ
ਅਦਾਰਾ ਪਰਵਾਜ਼ ਦੀ ਪਟਿਆਲਾ ਇਕਾਈ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਸੰਗ੍ਰਿਹ ‘ਮੈਂ ਗਾਜ਼ਾ ਕਹਿਨਾ’ ਲੋਕ ਅਰਪਣ ਕੀਤਾ ਗਿਆ ਤੇ ਪੁਸਤਕ ਬਾਰੇ ਸੰਵਾਦ ਰਚਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਰਾਜਿੰਦਰ...
ਅਦਾਰਾ ਪਰਵਾਜ਼ ਦੀ ਪਟਿਆਲਾ ਇਕਾਈ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਸੰਗ੍ਰਿਹ ‘ਮੈਂ ਗਾਜ਼ਾ ਕਹਿਨਾ’ ਲੋਕ ਅਰਪਣ ਕੀਤਾ ਗਿਆ ਤੇ ਪੁਸਤਕ ਬਾਰੇ ਸੰਵਾਦ ਰਚਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਰਾਜਿੰਦਰ ਪਾਲ ਬਰਾੜ ਤੇ ਮੁੱਖ ਮਹਿਮਾਨ ਵਜੋਂ ਆਲੋਚਕ ਤੇ ਚਿੰਤਕ ਡਾ. ਸੁਰਜੀਤ ਸਿੰਘ ਭੱਟੀ ਨੇ ਸ਼ਿਰਕਤ ਕੀਤੀ। ਸਮਾਗਮ ਦੇ ਮੁੱਖ ਬੁਲਾਰੇ ਵਜੋਂ ਡਾ. ਭੀਮਇੰਦਰ ਸਿੰਘ ਨੇ ਹਾਜ਼ਰੀ ਭਰੀ। ਬਲਬੀਰ ਜਲਾਲਾਬਾਦੀ ਵਲੋਂ ਜੀ ਆਇਆਂ ਕਹਿਣ ਤੋਂ ਬਾਅਦ ਪੁਸਤਕ ਦੇ ਸੰਪਾਦਕ ਡਾ. ਅਰਵਿੰਦਰ ਕੌਰ ਕਾਕੜਾ ਨੇ ਦੱਸਿਆ ਇਸ ਪੁਸਤਕ ਰਾਹੀਂ ਉਨ੍ਹਾਂ ਗਾਜ਼ਾ ਵਿੱਚ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਨਸਲਕੁਸ਼ੀ ਦੇ ਵਿਰੁੱਧ ਆਵਾਜ਼ ਚੁੱਕੀ ਹੈ। ਗਾਜ਼ਾ ਵਿੱਚ ਜਾਨਾਂ ਗੁਆਉਣ ਵਾਲੇ ਬੇਕਸੂਰ ਬਾਸ਼ਿੰਦਿਆਂ, ਕਵੀਆਂ, ਲੇਖਕਾਂ, ਪੱਤਰਕਾਰਾਂ ਤੇ ਰੰਗ ਕਰਮੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਮੁੱਖ ਬੁਲਾਰੇ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਇਸ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ ਪੂੰਜੀਵਾਦੀ ਸਾਮਰਾਜ ਹੈ ਜਿਸ ਦੀ ਦਹਿਸ਼ਤ ਨੇ ਖ਼ੌਫ਼, ਭੈਅ ਤੇ ਅਸ਼ਾਂਤੀ ਨੂੰ ਜਨਮ ਦਿੱਤਾ ਹੈ। ਮੁੱਖ ਮਹਿਮਾਨ ਡਾ. ਸੁਰਜੀਤ ਭੱਟੀ ਨੇ ਕਿਹਾ ਕਿ ਇਹ ਪੁਸਤਕ ਮਾਨਵੀ ਸੰਵੇਦਨਾਵਾਂ ਦਾ ਉਹ ਦਸਤਾਵੇਜ਼ ਹੈ ਜੋ ਕਾਵਿ ਦਾਇਰੇ ਵਿੱਚ ਆਪਣਾ ਨਾਮ ਲਿਖਵਾਏਗਾ। ਕਵੀ ਦਰਸ਼ਨ ਖਟਕੜ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਕੁਲਦੀਪ ਦੀਪ, ਅਮਰਜੀਤ ਕੌਂਕੇ, ਧਰਮ ਕੰਮੇਆਣਾ, ਬਲਵਿੰਦਰ ਸੰਧੂ, ਡਾ. ਸੰਤੋਖ ਸੁੱਖੀ, ਸੰਦੀਪ ਜਸਵਾਲ, ਤਰਲੋਚਨ ਮੀਰ, ਚਰਨਜੀਤ ਜੋਤ, ਸੁਖਮਿੰਦਰ ਸੇਖੋਂ, ਜਸਵਿੰਦਰ ਖਾਰਾ, ਗੁਰਮੁਖ ਸਿੰਘ ਤੇ ਚੰਨ ਪਟਿਆਲਵੀ ਨੇ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਸੁਣਾਈਆਂ।