‘ਆਪ’ ਨੇ ਲੋਕਾਂ ਦੀਆਂ ਸਮੱਸਿਆਵਾਂ ਵਿਸਾਰੀਆਂ: ਚੰਦੂਮਾਜਰਾ
ਦੇਵੀਗੜ੍ਹ, 20 ਜੁਲਾਈ
ਵਿਧਾਨ ਸਭਾ ਹਲਕਾ ਸਨੌਰ ਅਤੇ ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਪਿੰਡ ਭੰਬੂਆਂ ਵਿੱਚ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਰੱਖੀ ਮੀਟਿੰਗ ਵਿੱਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਵੀ ਨਹੀਂ ਸਰਕ ਰਹੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਨੂੰ ਜਗਾਉਣ ਲਈ 30 ਜੁਲਾਈ ਨੂੰ ਦੇਵੀਗੜ੍ਹ ਘੱਗਰ ਦੇ ਪੁਲ ’ਤੇ ਇਲਾਕੇ ਦੇ ਲੋਕਾਂ ਸਣੇ ਪ੍ਰਦਰਸ਼ਨ ਕੀਤਾ ਜਾਵੇਗਾ। ਚੰਦੂਮਾਜਰਾ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਇੰਨੀ ਮਾੜੀ ਹਾਲਤ ਹੋ ਗਈ ਹੈ ਕਿ ਪਿਛਲੇ ਦਿਨਾਂ ’ਚ ਪਿੰਡ ਮੁਰਾਦਮਾਜਰਾ ਅਤੇ ਰੋਹੜ ਜਗੀਰ ਦੇ ਨੌਜਵਾਨਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਗੂ ਤੇ ਮੰਤਰੀ ਰੋਜ਼ਾਨਾ ਬਿਆਨ ਦਿੰਦੇ ਹਨ ਕਿ ਸੜਕਾਂ ਦਾ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ, ਪੇਂਡੂ ਲੋਕਾਂ ਨੂੰ ਹੁਣ ਇਨ੍ਹਾਂ ਦਾਅਵਿਆ ਉੱਤੇ ਯਕੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਹੱਥ ਪਿਆ ਤਾਂ ਸਭ ਤੋਂ ਪਹਿਲਾਂ ਨਗਰ ਪੰਚਾਇਤ ਦੇਵੀਗੜ੍ਹ ਨੂੰ ਭੰਗ ਕਰਵਾਇਆ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਸ਼ਾਨਵੀਰ ਸਿੰਘ ਬ੍ਰਹਮਪੁਰ, ਬਿਕਰਮ ਸਿੰਘ ਫ਼ਰੀਦਪੁਰ, ਜਸਵਿੰਦਰ ਸਿੰਘ ਬ੍ਰਹਮਪੁਰ, ਪ੍ਰਗਟ ਸਿੰਘ ਮਸੀਂਗਣ, ਦਵਿੰਦਰ ਸਿੰਘ ਗੁੱਥਮੜਾ, ਜਸਵੀਰ ਸਿੰਘ ਖੇੜੀ ਰਾਜੂ, ਸੁਖਵਿੰਦਰ ਸਿੰਘ ਭੰਬੂਆਂ, ਮਨੀ ਅਤੇ ਗਗਨ ਭੰਬੂਆਂ, ਹਰਪਾਲ ਸਿੰਘ, ਹੈਪੀ ਸੰਧਰ ਰੁੜਕੀ, ਬੰਟੀ ਹਸਨਪੁਰ, ਕੁਲਵੰਤ ਸਿੰਘ ਫਰੀਦਪੁਰ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸੋਨੂੰ ਨੰਬਰਦਾਰ, ਰੁਦਰ ਦੱਤ ਸ਼ਰਮਾ, ਬਿੱਟੂ ਸ਼ਰਮਾ ਆਦਿ ਵੀ ਹਾਜ਼ਰ ਸਨ।