ਪੰਜਾਬ ਵਿੱਚ ਹੜ੍ਹਾਂ ਲਈ ‘ਆਪ’ ਸਰਕਾਰ ਜ਼ਿੰਮੇਵਾਰ: ਚੰਦੂਮਾਜਰਾ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦੇਵੀਗੜ੍ਹ ਨੇੜੇ ਪਿੰਡ ਮਹਿਮੂਦਪੁਰ ਵਿੱਚ ਘੱਗਰ ਦਰਿਆ ਦੇ ਪਾਣੀ ਨਾਲ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਹੜ੍ਹਾਂ ਲਈ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ। ਇਸ ਮੌਕੇ ਉਨ੍ਹਾਂ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਨਾਲ ਇਸ ਔਖੀ ਘੜੀ ਵਿੱਚ ਖੜ੍ਹਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਅੱਜ ਜੇ ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲੈਣ ਆਏ ਹਨ ਤਾਂ ਉਹ ਇਸ ਨੁਕਸਾਨ ਦੀ ਭਰਪਾਈ ਲਈ ਕੋਈ ਵੱਡਾ ਪੈਕੇਜ ਦਾ ਐਲਾਨ ਕਰਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਦੇਸ਼ ਦੇ ਅੰਨ੍ਹ ਭੰਡਾਰ ਵਿੱਚ 70 ਫੀਸਦੀ ਅਨਾਜ ਦਾ ਹਿੱਸਾ ਪਾਉਂਦਾ ਹੈ। ਇਸ ਲਈ ਇਸ ਨੂੰ ਵੱਡੀ ਤੋਂ ਵੱਡੀ ਰਾਹਤ ਦੇ ਮੁੜ ਪੈਰਾਂ ਦੇ ਖੜ੍ਹਾ ਕਰਨ ਦੀ ਜ਼ਰੂਰਤ ਹੈ। ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਹੜ੍ਹਾਂ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ਾ ਦਾ ਮੁੱਦਾ ਕੇਂਦਰ ਕੋਲ ਪਹਿਲਾਂ ਹੀ ਉਠਾਉਣਾ ਚਾਹੀਦਾ ਸੀ ਕਿ ਪੰਜਾਬ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਇਸ ਲਈ ਸਰਕਾਰ ਨੂੰ ਨੁਕਸਾਨ ਦਾ ਅਨੁਮਾਨ ਲਗਾ ਕੇ ਕੇਂਦਰ ਸਰਕਾਰ ਕੋਲ ਭੇਜਣਾ ਚਾਹੀਦਾ ਸੀ ਤਾਂ ਕਿ ਕੇਂਦਰ ਆਪਣੀਆ ਟੀਮਾਂ ਭੇਜ ਕੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੀਆਂ ਅਤੇ ਇਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਂਦੀਆਂ, ਜਿਸ ਆਧਾਰ ’ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਨਸ਼ਟ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੰਦੀ।ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਤਰਸੇਮ ਸਿੰਘ ਕੋਟਲਾ, ਗੁਰਦੀਪ ਸਿੰਘ ਦੇਵੀਨਗਰ, ਸਤਨਾਮ ਸਿੰਘ ਤੇ ਫੱਤਾ ਨੰਦਗੜ੍ਹ, ਰਾਜ ਕੁਮਾਰ ਸੈਣੀ ਖਰਾਬਗੜ੍ਹ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਜੀਤ ਸਿੰਘ ਉਪਲੀ ਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।