ਡੂਮਣਾ ਉੱਡਣ ਕਾਰਨ ਭਾਜੜ ਪਈ
ਸ਼ਰਾਰਤੀ ਨੇ ਪਾਰਕ ’ਚ ਲੱਗੇ ਡੂਮਣੇ ਨੂੰ ਵੱਟਾ ਮਾਰਿਅਾ; ਸੈਰ ਕਰਦੇ ਲੋਕ ਅਤੇ ਹੋਰ ਰਾਹਗੀਰ ਵਾਹਨ ਛੱਡ ਕੇ ਭੱਜੇ
ਸਥਾਨਕ ਸ਼ਿਵਾ ਜੀ ਪਾਰਕ ਵਿੱਚ ਸਵੇਰੇ ਸੈਰ ਕਰ ਰਹੇ ਲੋਕਾਂ ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕਿ ਪਾਰਕ ਦੇ ਦਰੱਖ਼ਤ ਉਪਰ ਲੱਗਿਆ ਡੂਮਣਾ ਅਚਾਨਕ ਉੱਡ ਗਿਆ ਅਤੇ ਪਾਰਕ ਵਿੱਚ ਟਹਿਲ ਰਹੇ ਲੋਕਾਂ ਦੇ ਦੁਆਲੇ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਵਿਅਕਤੀ ਨੇ ਡੂਮਣੇ ਨੂੰ ਵੱਟਾ ਮਾਰਿਆ, ਜਿਸ ਕਾਰਨ ਉਹ ਬੇਕਾਬੂ ਹੋ ਕੇ ਸੈਰ ਕਰ ਰਹੇ ਲੋਕਾਂ ਦੇ ਵਿਚਕਾਰ ਡਿੱਗਿਆ। ਘਟਨਾ ਕਾਰਨ ਚੀਕ-ਚਿਹਾੜਾ ਪੈ ਗਿਆ ਅਤੇ ਲੋਕ ਆਪਣੀ ਜਾਣ ਬਚਾਉਣ ਲਈ ਇੱਧਰ-ਉੱਧਰ ਦੌੜਨ ਲੱਗੇ। ਕੁਝ ਲੋਕਾਂ ਨੇ ਕਾਰਾਂ ਵਿੱਚ ਵੜ ਕੇ ਆਪਣੀ ਜਾਨ ਬਚਾਈ। ਡੂਮਣਾ ਇਕ ਰੇਹੜੀ ਚਾਲਕ, ਇਕ ਛੋਟੇ ਬੱਚੇ ਤੋਂ ਇਲਾਵਾ ਚਾਰ ਵਿਅਕਤੀਆਂ ਨੂੰ ਲੜ ਗਿਆ। ਲੋਕਾਂ ਨੇ ਤੁਰੰਤ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਨੂੰ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਲੋਕਾਂ ਦਾ ਕਹਿਣਾ ਹੈ ਕਿ ਅਕਸਰ ਪਾਰਕ ਵਿੱਚ ਲਾਵਾਰਿਸ ਪਸ਼ੂ ਅਤੇ ਸ਼ਰਾਰਤੀ ਵਿਅਕਤੀਆਂ ਦੀਆਂ ਹਰਕਤਾਂ ਬਾਰੇ ਕਈ ਵਾਰੀ ਕਾਰਜਸਾਧਕ ਅਫਸਰ ਨੂੰ ਫੋਨ ਕੀਤਾ ਜਾਂਦਾ ਹੈ ਪਰ ਕਾਰਜਸਾਧਕ ਅਫਸਰ ਫੋਨ ਨਹੀਂ ਚੁੱਕਦੇ। ਇਸ ਮਾਮਲੇ ਬਾਰੇ ਪੱਖ ਲੈਣ ਲਈ ਜਦੋਂ ਕਾਰਜਸਾਧਕ ਅਫਸਰ ਨੂੰ ਪੱਤਰਕਾਰ ਵੱਲੋਂ ਵੀ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਐੱਸ ਡੀ ਐੱਮ ਅਵੀਕੇਸ਼ ਗੁਪਤਾ ਨੇ ਕਿਹਾ ਕਿ ਉਹ ਤੁਰੰਤ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਦੇ ਹਨ ਅਤੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪਾਰਕ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਂਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

