ਸਮਾਣਾ ਦੇ ਪਿੰਡ ਗਾਜੇਵਾਸ ਸਬ-ਖਰੀਦ ਕੇਂਦਰ ਵਿੱਚ ਇੱਕ ਆੜ੍ਹਤ ਤੋਂ 520 ਗੱਟੇ ਝੋਨਾ ਚੋਰੀ ਹੋਣ ਦੇ ਦੋਸ਼ ਹੇਠ ਅਣਪਛਾਤੇ ਟਰੱਕ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਆੜ੍ਹਤੀ ਨੇ ਗਾਜੇਵਾਸ ਪੁਲੀਸ ਨੂੰ ਦਰਖਾਸਤ ਦੇ ਕੇ ਮੁਲਜ਼ਮ ਭਾਲ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਗੁਰੂ ਰਾਮਦਾਸ ਟ੍ਰੇਡਿੰਗ ਕੰਪਨੀ ਦੇ ਮਾਲਕ ਲਾਭ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਟਰੱਕ ਯੂਨੀਅਨ ਸਮਾਣਾ ਤੋਂ 1884 ਨੰਬਰ ਬਿਲਟੀ, ਟਰੱਕ ਨੰਬਰ ਪੀ.ਬੀ 11 ਬੀ.ਬੀ 5347, ਜੋ ਕਿ ਦੇਵਕੀ ਰਾਈਸ ਦੀ ਸਰਕਾਰੀ ਜੀਰੀ ਢੋਣ ਲਈ ਕੱਟ ਕੇ ਆਇਆ ਸੀ।
ਟਰਾਲੇ ਵਿੱਚ ਮਜ਼ਦੂਰ 520 ਗੱਟੇ ਲੱਦ ਕੇ ਜਦੋਂ ਗੇਟ ਪਾਸ ਕਟਵਾਉਣ ਗਿਆ ਤਾਂ ਉਸ ਸਮੇਂ ਮੁਲਾਜ਼ਮ ਨਾ ਹੋਣ ਕਰਕੇ ਟਰੱਕ ਫੜ ’ਤੇ ਹੀ ਖੜਾ ਕਰ ਲਿਆ। ਸਵੇਰੇ ਗੇਟ ਪਾਸ ਕਟਵਾ ਕੇ ਚਾਲਕ ਨੂੰ ਜਾਣ ਲਈ ਕਿਹਾ ਪਰ ਸੀ ਸੀ ਟੀ ਵੀ ਫੁਟੇਜ ਤੋਂ ਪਤਾ ਲੱਗਿਆ ਕਿ ਅਣਪਛਾਤਾ ਚਾਲਕ ਰਾਤ ਕਰੀਬ ਦੋ ਵਜੇ ਝੋਨੇ ਦਾ ਭਰਿਆ ਟਰੱਕ ਲੈ ਕੇ ਫਰਾਰ ਹੋ ਗਿਆ। ਮੁਨੀਮ ਨੇ ਸਵੇਰੇ ਟਰੱਕ ਨਾ ਹੋਣ ਦੀ ਸੂਚਨਾ ਆੜ੍ਹਤੀ ਨੂੰ ਦਿੱਤੀ। ਜਦੋਂ ਟਰੱਕ ਦੀ ਭਾਲ ਕੀਤੀ ਤਾਂ ਟਰੱਕ ਯੂਨੀਅਨ ਵੱਲੋਂ ਇਸ ਨੰਬਰ ਦਾ ਟਰੱਕ ਨਾ ਕੱਟਣ ਦੀ ਅਤੇ ਯੂਨੀਅਨ ਵਿੱਚ ਨਾ ਹੋਣ ਦੀ ਗੱਲ ਆਖੀ। ਕਾਫੀ ਭਾਲ ਕਰਨ ’ਤੇ ਟਰੱਕ ਉੱਤੇ ਲੱਗਿਆ ਨੰਬਰ ਜਾਲੀ ਪਾਇਆ ਗਿਆ। ਪੀੜਤ ਨੇ ਇਸ ਬਾਰੇ ਗਾਜੇਵਾਸ ਪੁਲੀਸ ਚੌਕੀ ਨੂੰ ਸੂਚਨਾ ਦਿੱਤੀ।
ਗਾਜੇਵਾਸ ਪੁਲੀਸ ਚੌਕੀ ਮੁੱਖੀ ਹਰਬੰਸ ਸਿੰਘ ਨੇ ਆੜ੍ਹਤੀ ਵੱਲੋਂ ਦਰਖਾਸਤ ਦੇਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਤੇ ਹੋਰ ਤਕਨੀਕੀ ਸਾਧਨਾਂ ਰਾਹੀਂ ਟਰੱਕ-ਟਰਾਲਾ ਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਟਰੱਕ ’ਤੇ ਲੱਗਿਆ ਨੰਬਰ ਐਕਟਿਵਾ ਦਾ ਹੈ।

