ਘਰ ’ਚੋਂ 25 ਤੋਲੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
ਸ਼ਹਿਰ ਦੇ ਮੁਨਿਆਰਾਂ ਮੁਹੱਲੇ ਦੀ ਪੰਜਾਬੀ ਗਲੀ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਘਰ ’ਚੋਂ 25 ਤੋਲੇ ਸੋਨੇ ਦੇ ਗਹਿਣੇ ਅਤੇ 5.50 ਲੱਖ ਰੁਪਏ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦਾ ਪਤਾ ਪਰਿਵਾਰ ਨੂੰ ਸਵੇਰੇ ਘਰ ਪਹੁੰਚਣ ’ਤੇ ਲੱਗਿਆ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਦੇ ਐੱਸਐੱਚਓ ਇੰਸਪੈਕਟਰ ਵਿਨਰਪ੍ਰੀਤ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਘਰ ਦੇ ਮਾਲਕ ਜੋਗਿੰਦਰਪਾਲ ਅਰੋੜਾ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਪਰਿਵਾਰ ਸਮੇਤ ਜ਼ੀਰਕਪੁਰ ਰਹਿੰਦੇ ਆਪਣੇ ਭਾਣਜੇ ਦੇ ਘਰ ਹੋਏ ਜਾਗਰਣ ’ਤੇ ਗਏ ਸਨ। ਬੁੱਧਵਾਰ ਸਵੇਰੇ ਘਰ ਪਹੁੰਚਣ ’ਤੇ ਉਨ੍ਹਾਂ ਨੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਦੇਖੇ ਅਤੇ ਕਮਰਿਆਂ ਵਿੱਚ ਸਾਮਾਨ ਖਿੱਲਰਿਆ ਪਿਆ ਸੀ। ਚੋਰ ਅਲਮਾਰੀ ਅਤੇ ਲੌਕਰ ਤੋੜ ਕੇ ਉਨ੍ਹਾਂ ਵਿੱਚ ਰੱਖੇ ਲਗਭਗ 25 ਤੋਲੇ ਸੋਨੇ ਦੇ ਗਹਿਣੇ ਅਤੇ 5.50 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਸਿਟੀ ਪੁਲੀਸ ਦੇ ਐੱਸਐੱਚਓ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।