ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਤੀਜੇ ਦਿਨ ਮਿਨੀ ਸਕੱਤਰੇਤ ਵਿੱਚ ਅੱਜ ਕੁੱਲ 25 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਐੱਸ ਡੀ ਐੱਮ ਕਮ ਰਿਟਰਨਿੰਗ ਅਫ਼ਸਰ ਨਮਨ ਮੜਕਨ ਅਤੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਪ੍ਰਦੀਪ ਕੁਮਾਰ ਕੋਲ ਦਾਖਲ ਕਰਵਾਈਆਂ। ਅੱਜ ਸਵੇਰੇ ਹੀ ਉਮੀਦਵਾਰ ਮਿਨੀ ਸਕੱਤਰੇਤ ਦਫ਼ਤਰ ਪਹੁੰਚਣੇ ਸ਼ੁਰੂ ਹੋ ਗਏ, ਜਿਸ ਕਾਰਨ ਦਫ਼ਤਰ ਵਿੱਚ ਕਾਫ਼ੀ ਚਹਿਲ-ਪਹਿਲ ਰਹੀ। ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਦੁਪਹਿਰ ਤਿੰਨ ਵਜੇ ਤੱਕ ਜਾਰੀ ਰਹੀ। ਰਿਟਰਨਿੰਗ ਅਫ਼ਸਰ ਨਮਨ ਮੜਕਨ ਨੇ ਦੱਸਿਆ ਕਿ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਸਿਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ। ਡੀ ਐੱਸ ਪੀ ਮਨਜੀਤ ਸਿੰਘ ਨੇ ਕਿਹਾ ਕਿ ਨਾਮਜ਼ਦਗੀ ਭਰਨ ਵਾਲੇ ਉਮੀਦਵਾਰ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੂਰੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀਪੂਰਵਕ ਨੇਪੜੇ ਚੜ੍ਹੀ।
ਪਾਤੜਾਂ ਬਲਾਕ ਲਈ ਕਿਸੇ ਨੇ ਨਹੀਂ ਭਰੀ ਨਾਮਜ਼ਦਗੀ: ਏ ਡੀ ਸੀ
ਪਟਿਆਲਾ (ਸਰਬਜੀਤ ਿਸੰਘ ਭੰਗੂ): ਜ਼ਿਲ੍ਹਾ ਪਰਿਸ਼ਦ ਦੇ 23 ਤੇ 10 ਬਲਾਕ ਸਮਿਤੀਆਂ ਦੇ 184 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਜੇੇ ਦਿਨ ਕੁੱਲ 142 ਨਾਮਜ਼ਦਗੀਆਂ ਆਈਆਂ ਹਨ। ਜ਼ਿਲ੍ਹਾ ਪਰਿਸ਼ਦ ਲਈ 37 ਅਤੇ 10 ਬਲਾਕ ਸਮਿਤੀਆਂ ਦੇ 184 ਜ਼ੋਨਾਂ ਲਈ 105 ਨਾਮਜ਼ਦਗੀਆਂ ਪੱਤਰ ਦਾਖਲ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਲਾਕ ਸਮਿਤੀ ਪਾਤੜਾਂ ਲਈ ਅੱਜ ਤੀਜੇ ਦਿਨ ਵੀ ਕੋਈ ਨਾਮਜ਼ਦਗੀ ਦਾਖਲ ਨਹੀਂ ਹੋਈ ਹੈ। ਇਸੇ ਦੌਰਾਨ ਬਲਾਕ ਸਮਿਤੀ ਰਾਜਪੁਰਾ 25, ਸਨੌਰ ਬਲਾਕ ਸਮਿਤੀ ਲਈ 14 ਅਤੇ ਸ਼ੰਭੂ ਕਲਾਂ ਬਲਾਕ ਸਮਿਤੀ ਲਈ ਚਾਰ ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ ਹਨ, ਜਦਕਿ ਨਿਰਧਾਤ ਸਮੇਂ ਤੱਕ ਸਮਾਣਾ ਬਲਾਕ ਸਮਿਤੀ ਲਈ ਵੀ ਅੱਜ ਤੀਜੇ ਦਿਨ ਤਕ ਕੋਈ ਵੀ ਨਾਮਜ਼ਦਗੀ ਨਹੀਂ ਆਈ।

