ਪਟਿਆਲਾ ਦੇ 42 ਪਿੰਡਾਂ ਦੇ ਹੜ੍ਹ ਪੀੜਤਾਂ ਲਈ 10 ਕਰੋੜ ਜਾਰੀ
ਡੀ ਸੀ ਵੱਲੋਂ ਮੁਆਵਜ਼ਾ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ’ਚ ਪਾਉਣ ਦਾ ਦਾਅਵਾ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਤਕੀ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪਟਿਆਲਾ ਜ਼ਿਲ੍ਹੇ ’ਚ 34.76 ਕਰੋੜ ਰੁਪਏ ਦੀ ਰਾਸ਼ੀ ਪੜਾਅਵਾਰ ਵੰਡੀ ਜਾਣੀ ਹੈ, ਜਿਸ ਦੌਰਾਨ ਪ੍ਰਭਾਵਿਤ 42 ਪਿੰਡਾਂ ਨਾਲ ਸਬੰਧਤ ਹੜ੍ਹ ਪੀੜਤਾਂ ਵਿੱਚੋਂ 4171 ਲਾਭਪਾਤਰੀਆਂ ਨੂੰ 10 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ।
ਇਹ ਮੁਆਵਜ਼ਾ ਰਾਸੀ ਵੰਡਣ ਸਬੰਧੀ ਉਨ੍ਹਾਂ ਏ ਡੀ ਸੀ (ਜ) ਸਿਮਰਪ੍ਰੀਤ ਕੌਰ ਸਮੇਤ ਜ਼ਿਲ੍ਹੇ ਦੇ ਸਮੂਹ ਐੱਸ ਡੀ ਐੱਮਜ਼ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੜ੍ਹਾਂ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਹੀ 101 ਪਿੰਡਾਂ ’ਚ 19000 ਏਕੜ ਦੇ ਕਰੀਬ ਰਕਬੇ ’ਚ ਫ਼ਸਲਾਂ ਦਾ ਨੁਕਸਾਨ ਹੋਇਆ ਸੀ ਜਿਸ ਦੌਰਾਨ ਪਟਿਆਲਾ ਸਬ ਡਿਵੀਜ਼ਨ ’ਚ 8, ਸਮਾਣਾ ’ਚ 6, ਰਾਜਪੁਰਾ ’ਚ 38, ਦੂਧਨਸਾਧਾਂ ’ਚ 29 ਅਤੇ ਪਾਤੜਾਂ ਸਬ ਡਿਵੀਜ਼ਨ ’ਚ 20 ਪਿੰਡਾਂ ਵਿੱਚ ਖੇਤੀ ਫ਼ਸਲਾਂ ਦਾ ਨੁਕਸਾਨ ਸਾਹਮਣੇ ਆਇਆ। ਇਸ ਲਈ ਸਰਕਾਰ ਵੱਲੋਂ 34.76 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਦੇਣ ਦੀ ਸਾਰੀ ਪ੍ਰਕ੍ਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਨਲਾਈਨ ਪੋਰਟਲ ’ਤੇ ਵਿਸ਼ੇਸ਼ ਗਿਰਦਾਵਰੀ ਕਰਵਾਈ ਗਈ ਹੈ ਅਤੇ ਮੁਆਵਜ਼ਾ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੁੱਕੇ ਹਨ ਅਤੇ ਬਾਕੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਵੀ ਬਕਾਇਆ ਰਾਸ਼ੀ ਪਾ ਦਿੱਤੀ ਜਾਵੇਗੀ।

