ਇਕ ਯਹੂਦੀ ਅਰਬ ਦੀ ਕਥਾ-ਵਿਅਥਾ...
ਸੁਰਿੰਦਰ ਸਿੰਘ ਤੇਜ ਮਕਲੌਡਗੰਜ ਤੋਂ ਸਿਰਫ਼ ਦੋ ਕਿਲੋਮੀਟਰ ਦੀ ਵਿੱਥ ’ਤੇ ਹੈ ਧਰਮਕੋਟ। ਉਚਾਈ 6900 ਫੁੱਟ। ਵਸੋਂ ਹਜ਼ਾਰ ਤੋਂ ਘੱਟ। ਇਸ ਨੂੰ ‘ਪਹਾੜਾਂ ਦਾ ਤਲ ਅਵੀਵ’ ਕਿਹਾ ਜਾਂਦਾ ਹੈ- ਇੱਥੋਂ ਦੀ ਇਜ਼ਰਾਇਲੀ ਵਸੋਂ ਕਾਰਨ। ਇਜ਼ਰਾਇਲੀਆਂ ਤੋਂ ਇਲਾਵਾ ਇੱਥੇ ਕੁਝ ਇਤਾਲਵੀ...

ਮਕਲੌਡਗੰਜ ਤੋਂ ਸਿਰਫ਼ ਦੋ ਕਿਲੋਮੀਟਰ ਦੀ ਵਿੱਥ ’ਤੇ ਹੈ ਧਰਮਕੋਟ। ਉਚਾਈ 6900 ਫੁੱਟ। ਵਸੋਂ ਹਜ਼ਾਰ ਤੋਂ ਘੱਟ। ਇਸ ਨੂੰ ‘ਪਹਾੜਾਂ ਦਾ ਤਲ ਅਵੀਵ’ ਕਿਹਾ ਜਾਂਦਾ ਹੈ- ਇੱਥੋਂ ਦੀ ਇਜ਼ਰਾਇਲੀ ਵਸੋਂ ਕਾਰਨ। ਇਜ਼ਰਾਇਲੀਆਂ ਤੋਂ ਇਲਾਵਾ ਇੱਥੇ ਕੁਝ ਇਤਾਲਵੀ ਵੀ ਵੱਸੇ ਹੋਏ ਹਨ, ਪਰ ਉਨ੍ਹਾਂ ਦੀ ਸੰਖਿਆ ਨਾਂ-ਮਾਤਰ ਹੈ। ਬਾਕੀ ਆਬਾਦੀ ਤਿੱਬਤੀ ਮਹਾਂਯਾਨੀ ਬੋਧੀਆਂ ਦੀ ਹੈ। ਉਨ੍ਹਾਂ ਨੇ ਤਿੰਨ ਉਪਾਸਨਾ-ਵਿਪਾਸਨਾ-ਅਧਿਐਨ ਕੇਂਦਰ ਇੱਥੇ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਹਨ। ਤੰਗ ਗਲੀਆਂ ਵਾਲੇ ਇਸੇ ਪਿੰਡ ਵਿਚ ਇਜ਼ਰਾਇਲੀ ਕਮਿਊਨਿਟੀ ਸੈਂਟਰ ‘ਚਾਬਾਦ ਹਾਊਸ’ ਵੀ ਸਥਿਤ ਹੈ ਜੋ ਯਹੂਦੀ ਚਾਬਾਦ ਸੰਪਰਦਾ ਦੇ ਭਾਰਤ ਸਥਿਤ ਤਿੰਨ ਮੁੱਖ ਕੇਂਦਰਾਂ ਵਿਚੋਂ ਇਕ ਹੈ। ਧਰਮਕੋਟ ਵਿਚ ਇਜ਼ਰਾਇਲੀ ਰੈਸਤੋਰਾਵਾਂ ਤੋਂ ਇਲਾਵਾ ਕਈ ਹੋਰ ਕਾਰੋਬਾਰਾਂ ਦੇ ਮਾਲਕ ਇਜ਼ਰਾਇਲੀ ਹੀ ਹਨ। ਕੁਝ ਨੇ ਹਿਮਾਚਲੀ ਕਾਰੋਬਾਰੀਆਂ ਨਾਲ ਭਾਈਵਾਲੀ ਕੀਤੀ ਹੋਈ ਹੈ ਅਤੇ ਕੁਝ ਹੋਰ ਮੁਕਾਮੀ ਇਸਤਰੀਆਂ ਨਾਲ ਵਿਆਹੇ ਹੋਏ ਹਨ। 7 ਅਕਤੂਬਰ 2023 ਨੂੰ ਫ਼ਲਸਤੀਨੀ ਦਹਿਸ਼ਤੀ ਜਮਾਤ ‘ਹਮਾਸ’ ਵੱਲੋਂ ਗਾਜ਼ਾ ਪੱਟੀ ਦੇ ਬਾਹਰਵਾਰ ਇਜ਼ਰਾਇਲੀਆਂ ਦੇ ਕਤਲੇਆਮ ਤੋਂ ਫੌਰੀ ਬਾਅਦ ਇੱਥੋਂ ਦੇ ਇਜ਼ਰਾਇਲੀ ਬਾਸ਼ਿੰਦੇ ਤੇ ਗ਼ੈਰ-ਬਾਸ਼ਿੰਦੇ (ਟੂਰਿਸਟ) ਵਤਨ ਪਰਤਣ ਲਈ ਉਤਾਵਲੇ ਸਨ। ਸਵਾ ਦੋ ਸੌ ਦੇ ਕਰੀਬ ਇਜ਼ਰਾਇਲੀ ਨਵੀਂ ਦਿੱਲੀ ਤੋਂ ਜਹਾਜ਼ ਚਾਰਟਰ ਕਰਕੇ ਵਤਨ ਪਰਤੇ ਵੀ। ਪਰ ਹੁਣ ਉਨ੍ਹਾਂ ਵਿਚੋਂ ਕਈ ਧਰਮਕੋਟ ਪਰਤ ਆਏ ਹਨ। ਉੱਥੋਂ ਦੇ ਮਾਹੌਲ ਤੋਂ ਨਾਖ਼ੁਸ਼ੀ ਕਾਰਨ। ‘ਹਮਾਸ’ ਵੱਲੋਂ ਢਾਹੀ ਦਹਿਸ਼ਤ ਦੇ ਜਵਾਬ ਵਿਚ ਇਜ਼ਰਾਈਲ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਗਾਜ਼ਾ ਪੱਟੀ ਦੇ ਫ਼ਲਸਤੀਨੀ ਬਾਸ਼ਿੰਦਿਆਂ ਉੱਪਰ ਜਿਹੜਾ ਅਮਾਨਵੀ ਕਹਿਰ ਵਰ੍ਹਾਉਂਦਾ ਆ ਰਿਹਾ ਹੈ, ਉਸ ਤੋਂ ਕਈ ਇਜ਼ਰਾਇਲੀ ਸ਼ਰਮਸਾਰ ਵੀ ਹਨ ਤੇ ਬੇਜ਼ਾਰ ਵੀ। ਚੰਦ ਦਿਨ ਪਹਿਲਾਂ ਧਰਮਕੋਟ ਦੀ ਫੇਰੀ ਦੌਰਾਨ ਇਕ ਇਜ਼ਰਾਇਲੀ ਸਾਬਕਾ ਫ਼ੌਜੀ ਨੇ ਇਸ ਸਮੀਖਿਅਕ ਨਾਲ ਗੱਲਬਾਤ ਦੌਰਾਨ ਇਜ਼ਰਾਇਲੀ ਸਮਾਜ ਵਿਚਲੀ ਦੁਫੇੜ ਤੇ ਅਸਮਾਨਤਾਵਾਂ ਬਾਰੇ ਕਈ ਕੁਝ ਦੱਸਿਆ। ਅਜਿਹੀਆਂ ਅਸਮਾਨਤਾਵਾਂ ਨੂੰ ਸਿੱਧੇ ਤੌਰ ’ਤੇ ਬੇਪਰਦ ਕਰਦੀ ਹੈ ਇਜ਼ਰਾਇਲੀ ਇਤਿਹਾਸਕਾਰ ਡਾ. ਅਵੀ ਸ਼ਲਾਇਮ ਦੀ ਨਵੀਂ ਕਿਤਾਬ ‘ਥ੍ਰੀ ਵਲਡਜ਼: ਮੈਮੌਇਰਜ਼ ਆਫ ਐਨ ਅਰਬ ਜਿਊ’ (ਤਿੰਨ ਜਹਾਨ: ਯਾਦਾਂ ਇਕ ਯਹੂਦੀ ਅਰਬ ਦੀਆਂ; ਵਨਵਲਡ ਪਬਲੀਕੇਸ਼ਨਜ਼; 356 ਪੰਨੇ; 1299 ਰੁਪਏ)।
ਇਹ ਕਿਤਾਬ ਪਿਛਲੇ ਸਾਲ ਅਕਤੂਬਰ ਵਿਚ ਲੰਡਨ ਵਿਚ ਰਿਲੀਜ਼ ਹੋਈ ਸੀ। ਭਾਰਤ ਹੁਣ ਪੁੱਜੀ ਹੈ। ਇਹ ਇਜ਼ਰਾਇਲੀ-ਫ਼ਲਸਤੀਨੀ ਸਬੰਧਾਂ ਬਾਰੇ ਸਿੱਧਾ ਤਬਸਰਾ ਨਹੀਂ, ਮੁੱਖ ਤੌਰ ’ਤੇ ਇਹ ਡਾ. ਸ਼ਲਾਇਮ ਵੱਲੋਂ ਇਰਾਕ, ਇਜ਼ਰਾਈਲ ਤੇ ਬ੍ਰਿਟੇਨ ਵਿਚ ਬਿਤਾਈ ਜ਼ਿੰਦਗੀ ਦਾ ਬਿਰਤਾਂਤ ਹੈ। ਇਨ੍ਹਾਂ ਤਿੰਨਾਂ ਮੁਲਕਾਂ ਨੂੰ ਲੇਖਕ ਨੇ ਤਿੰਨ ਵੱਖ ਵੱਖ ਜਹਾਨਾਂ ਨਾਲ ਤੁਲਨਾਇਆ ਹੈ। ਕਿਤਾਬ ਦੱਸਦੀ ਹੈ ਕਿ ਇਜ਼ਰਾਈਲ ਦੀ ਅਸਲੀਅਤ ਉਸ ਦੇ ਅਕਸ ਤੋਂ ਬਹੁਤ ਭਿੰਨ ਹੈ। ਇਜ਼ਰਾਇਲੀ ਸਮਾਜ ਅਸਮਾਨਤਾਵਾਂ ਤੋਂ ਬਚਿਆ ਹੋਇਆ ਨਹੀਂ ਬਲਕਿ ਨਸਲੀ ਤੇ ਭੂਗੋਲਿਕ ਵਿਤਕਰਿਆਂ ਤੇ ਪੱਖਪਾਤਾਂ ਵਿਚ ਲਿਪਤ ਹੋਣ ਕਾਰਨ ਇਹ ਅੰਤਰ-ਵਿਰੋਧਾਂ ਦਾ ਮੁਸਲਸਲ ਸ਼ਿਕਾਰ ਹੁੰਦਾ ਆਇਆ ਹੈ ਅਤੇ ਹੁਣ ਵੀ ਹੋ ਰਿਹਾ ਹੈ।
ਡਾ. ਸ਼ਲਾਇਮ ਬਗ਼ਦਾਦੀ ਯਹੂਦੀ ਹੈ। ਉਹ ਇਰਾਕ ਵਿਚ ਜਨਮਿਆ, 1948 ਵਿਚ ਇਜ਼ਰਾਈਲ ਦੀ ਰਸਮੀ ਸਥਾਪਨਾ ਤੋਂ ਦੋ ਵਰ੍ਹੇ ਪਹਿਲਾਂ। ਉਹ ਪੰਜ ਵਰ੍ਹਿਆਂ ਦਾ ਸੀ ਜਦੋਂ ਉਸ ਦੇ ਮਾਪਿਆਂ ਨੂੰ 1.35 ਲੱਖ ਬਗ਼ਦਾਦੀ ਯਹੂਦੀਆਂ ਸਮੇਤ ਨਵੇਂ ਵਤਨ ਇਜ਼ਰਾਈਲ ਵੱਲ ਹਿਜਰਤ ਕਰਨੀ ਪਈ। ਨਵੇਂ ਵਤਨ ਵਿਚ ਸ਼ਲਾਇਮ ਦੇ ਮਾਪਿਆਂ ਅਤੇ ਉਨ੍ਹਾਂ ਦੇ ਕੁਨਬੇ ਦੇ ਬਾਕੀ ਦੇ ਜੀਆਂ ਨੂੰ ਬਗ਼ਦਾਦ ਵਾਲੀਆਂ ਸੁਖ-ਸਹੂਲਤਾਂ ਅਗਲੇ ਤੀਹ ਵਰ੍ਹਿਆਂ ਤੱਕ ਵੀ ਨਸੀਬ ਨਹੀਂ ਹੋਈਆਂ। ਸ਼ਲਾਇਮ ਉੱਥੇ ਕੁਝ ਵਰ੍ਹੇ ਰਿਹਾ, ਫਿਰ ਇਕ ਵਜ਼ੀਫ਼ਾ ਮਿਲਣ ਸਦਕਾ ਅਗਲੇਰੀ ਪੜ੍ਹਾਈ ਲਈ ਬ੍ਰਿਟੇਨ ਚਲਾ ਗਿਆ। ਉੱਥੇ ਉਸ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। 1966 ਵਿਚ ਵਤਨ ਪਰਤਿਆ ਤਾਂ ਫ਼ੌਜ ਦੀ ਸੇਵਾ ਲਾਜ਼ਮੀ ਹੋਣ ਕਾਰਨ ਫ਼ੌਜ ਵਿਚ ਭਰਤੀ ਕਰ ਲਿਆ ਗਿਆ। ਤਿੰਨ ਸਾਲ ਦੀ ਫ਼ੌਜੀ ਨੌਕਰੀ ਦੌਰਾਨ ਉਹ ਹੁੱਬਲਵਤਨੀ ਦੇ ਜਜ਼ਬੇ ਦਾ ਮੁਰੀਦ ਬਣ ਗਿਆ, ਪਰ ਅਗਲੇ ਕੁਝ ਵਰ੍ਹਿਆਂ ਦੌਰਾਨ ਉਸ ਦੇ ਵਿਚਾਰਧਾਰਕ ਦਿਸਹੱਦੇ ਵੱਧ ਵਿਆਪਕ ਹੁੰਦੇ ਗਏ ਅਤੇ ਫ਼ਲਸਤੀਨੀਆਂ ਪ੍ਰਤੀ ਉਸ ਦਾ ਰੁਖ਼ ਵੱਧ ਉਦਾਰਵਾਦੀ ਹੁੰਦਾ ਚੱਲਿਆ ਗਿਆ।
ਡਾ. ਸ਼ਲਾਇਮ ਲਿਖਦਾ ਹੈ ਕਿ ਪਿਛਲੇ 2600 ਵਰ੍ਹਿਆਂ ਦੌਰਾਨ ਯਹੂਦੀਆਂ ਦਾ ਜੀਵਨ ਕਦੇ ਵੀ ਸੁਖਾਲਾ ਨਹੀਂ ਰਿਹਾ (ਅਤੇ ਹੁਣ ਵੀ ਨਹੀਂ ਹੈ)। ਇਸ ਕੌਮ ਨੂੰ ਪਿਛਲੀਆਂ ਢਾਈ ਦਹਿਸਦੀਆਂ ਦੌਰਾਨ ਅਸਹਿ ਤੇ ਅਕਹਿ ਜ਼ਿਆਦਤੀਆਂ ਝੱਲਣੀਆਂ ਪਈਆਂ। ਉਸ ਦੇ ਅੰਦਾਜ਼ੇ ਮੁਤਾਬਕ 1.30 ਕਰੋੜ ਯਹੂਦੀ ਹੋਰਨਾਂ ਮਜ਼ਹਬੀ-ਸਿਆਸੀ ਫ਼ਿਰਕਿਆਂ ਤੇ ਕੌਮਾਂ ਦੇ ਜ਼ੁਲਮਾਂ-ਜਬਰਾਂ ਕਾਰਨ ਮੌਤ ਦਾ ਸ਼ਿਕਾਰ ਹੋਏ; ਅਰਬ ਜਗਤ ਵਿਚ ਘੱਟ, ਯੂਰੋਪ ਵਿਚ ਵੱਧ। 60 ਲੱਖ ਤੋਂ ਵੱਧ ਨੂੰ ਤਾਂ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਮੌਤ ਦੇ ਘਾਟ ਉਤਾਰਿਆ। ਅਜਿਹੀ ਜੱਦੋਜਹਿਦ ਦੀਆਂ ਗਾਥਾਵਾਂ ਨੇ ਜਿੱਥੇ ਯਹੂਦੀਆਂ ਅੰਦਰ ਬੇਪਨਾਹ ਜੁਝਾਰੂ ਜਜ਼ਬਾ ਪੈਦਾ ਕੀਤਾ, ਉੱਥੇ ਆਲਮੀ ਤਾਕਤਾਂ, ਖ਼ਾਸ ਕਰਕੇ ਬ੍ਰਿਟੇਨ ਤੇ ਅਮਰੀਕਾ ਨੂੰ ਯਹੂਦੀ ਹੋਮਲੈਂਡ ਦੀ ਸਥਾਪਨਾ ਦਾ ਰਸਤਾ ਪੱਧਰਾ ਕਰਨ ਦੇ ਰਾਹ ਪਾਇਆ। ਯਹੂਦੀਆਂ ਦੇ ਜੁਝਾਰੂ ਜਜ਼ਬੇ ਤੋਂ ਕੁਲ ਦੁਨੀਆਂ ਕਾਇਲ ਹੈ, ਪਰ ਅਸਲੀਅਤ ਇਹ ਵੀ ਹੈ ਕਿ ਇਸੇ ਜਜ਼ਬੇ ਤੋਂ ਉਪਜੇ ਗ਼ਰੂਰ, ਬਦਲਾਖੋਰੀ ਤੇ ਹੈਵਾਨੀਅਤ ਨੇ ਇਜ਼ਰਾਇਲੀਆਂ ਪ੍ਰਤੀ ਹਮਦਰਦੀ ਵਿਚ ਲਗਾਤਾਰ ਕਮੀ ਲਿਆਂਦੀ ਹੈ। ਉਂਜ ਵੀ, ਇਜ਼ਰਾਇਲੀ ਸਮਾਜ ਵਿਚੋਂ ਪਿਛਲੇ 75 ਵਰ੍ਹਿਆਂ ਦੌਰਾਨ ਜਿਹੜੀਆਂ ਸਮਾਜਿਕ ਵੰਡੀਆਂ ਤੇ ਵਲਗਣਾਂ ਮਿਟ ਜਾਣੀਆਂ ਚਾਹੀਦੀਆਂ ਸਨ, ਉਹ ਹੁਣ ਵੱਧ ਉੱਘੜਵੀਆਂ ਹੋ ਚੁੱਕੀਆਂ ਹਨ। ਸਿਆਸੀ-ਸਮਾਜਿਕ-ਆਰਥਿਕ ਢਾਂਚੇ ਉੱਪਰ ਅਸ਼ਕੇਨਾਜ਼ੀ ਭਾਵ ਯੂਰੋਪੀਅਨ (ਅਸਲ ਵਿਚ ਜਰਮਨ-ਪੋਲਿਸ਼) ਯਹੂਦੀ ਗਾਲਿਬ ਹਨ। ਉਹ ਇਹ ਗ਼ਲਬਾ ਤਿਆਗਣ ਤੇ ਯਹੂਦੀ ਸਮਾਜ ਨੂੰ ਇਕਜੁੱਟ ਕਰਨ ਦੇ ਚਾਹਵਾਨ ਹੀ ਨਹੀਂ। ਕਿਤਾਬ ਅੰਦਰਲੇ ਕੁਝ ਸਨਸਨੀਖੇਜ਼ ਖੁਲਾਸੇ ਇਸ ਤਰ੍ਹਾਂ ਹਨ:
w ਇਜ਼ਰਾਇਲੀ ਸਮਾਜ ਵਿਚ ਸਪਸ਼ਟ ਵਰਣ-ਵੰਡ ਹੈ। ਅਸ਼ਕੇਨਾਜ਼ੀ ਯਹੂਦੀ ਪ੍ਰਥਮ ਦਰਜੇ ਦੇ ਨਾਗਰਿਕ ਹਨ। ਏਸ਼ਿਆਈ ਜਾਂ ਅਫਰੀਕੀ ਯਹੂਦੀਆਂ ਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਜੰਗੀ ਮੈਦਾਨਾਂ ਵਿਚ ਮਰਨ ਲਈ ਤਾਂ ਮੂਹਰੇ ਰੱਖਿਆ ਜਾਂਦਾ ਹੈ, ਪਰ ਸਮਾਜਿਕ-ਸਿਆਸੀ ਰੁਤਬੇ ਮੁੱਖ ਤੌਰ ’ਤੇ ਅਸ਼ਕੇਨਾਜ਼ੀਆਂ ਦੇ ਹਿੱਸੇ ਹੀ ਆਉਂਦੇ ਹਨ। ਤੀਜਾ ਦਰਜਾ ਇਸਾਈਆਂ ਦਾ ਹੈ। ਉਨ੍ਹਾਂ ਨਾਲ ਭੇਦਭਾਵ ਲੁਕਵੇਂ ਢੰਗ ਨਾਲ ਕੀਤਾ ਜਾਂਦਾ ਹੈ, ਸਿੱਧੇ ਤੌਰ ’ਤੇ ਨਹੀਂ; ਪੱਛਮੀ ਜਗਤ ਦੇ ਦਬਦਬੇ ਕਾਰਨ। ਫਿਰ ਫ਼ਲਸਤੀਨੀ ਆਉਂਦੇ ਹਨ। ਉੱਘੇ ਫਫ਼ਸਤੀਨੀ-ਅਮਰੀਕੀ ਵਿਦਵਾਨ (ਮਰਹੂਮ) ਐਡਵਰਡ ਸਈਦ ਮੁਤਾਬਿਕ ਫ਼ਲਸਤੀਨੀ ‘ਪੀੜਤਾਂ ਤੋਂ ਵੀ ਵੱਧ ਪੀੜਤ ਹਨ’, ਪੈਰ-ਪੈਰ ’ਤੇ ਪੱਖਪਾਤ ਤੇ ਸਿਤਮ ਦੇ ਸ਼ਿਕਾਰ।
w ਇਰਾਕ ਵਿਚ ਯਹੂਦੀ ਭਾਈਚਾਰਾ 2600 ਸਾਲ ਪਹਿਲਾਂ ਵਸਣਾ ਸ਼ੁਰੂ ਹੋਇਆ; ਯਹੂਦੀ ਸਮਰਾਟ ਨੂੰ ਬੈਬੀਲੋਨਿਆਈ ਵਿਜੇਤਾਵਾਂ ਵੱਲੋਂ ਬੇਦਖ਼ਲ ਕੀਤੇ ਜਾਣ ਮਗਰੋਂ। ਸੱਤਵੀਂ ਸਦੀ ਈਸਵੀ ਵਿਚ ਇਸਲਾਮ ਦੇ ਉਭਾਰ ਤੋਂ ਬਾਅਦ ਇਸਲਾਮੀ ਅਰਬ ਵਿਚ ਯਹੂਦੀ, ਅਸੀਰੀਅਨ ਕ੍ਰਿਸ਼ਚਨ, ਆਰਮੀਨੀਅਨ ਤੇ ਯਜ਼ੀਦੀ ਕੌਮਾਂ ਭਾਵੇਂ ਦੂਜੇ ਦਰਜੇ ਦੇ ਨਾਗਰਿਕ ਰਹੀਆਂ, ਫਿਰ ਵੀ ਉਨ੍ਹਾਂ ਦੀਆਂ ਧਾਰਮਿਕ, ਸਮਾਜਿਕ ਤੇ ਆਰਥਿਕ ਆਜ਼ਾਦੀਆਂ ਕਿਸੇ ਨੇ ਨਹੀਂ ਖੋਹੀਆਂ। ਇਸੇ ਲਈ ਇਹ ਸਾਰੀਆਂ ਕੌਮਾਂ ਅਗਲੀਆਂ ਕਈ ਸਦੀਆਂ ਤੱਕ ਖੁਸ਼ਹਾਲ ਜੀਵਨ ਜਿਊਂਦੀਆਂ ਰਹੀਆਂ। ਡਾ. ਸ਼ਲਾਇਮ ਦੇ ਵੱਡ-ਵਡੇਰੇ ਸਦੀਆਂ ਤੋਂ ਬਗ਼ਦਾਦ ਵਿਚ ਵੱਸੇ ਹੋਏ ਸਨ। ਉਹ ਧਨਾਢ ਕਾਰੋਬਾਰੀ ਸਨ। ਬਾਗ਼ਾਂ ਤੇ ਬੰਗਲਿਆਂ ਦੇ ਮਾਲਕ। ਘਰਾਂ ਵਿਚ ਬੱਚਿਆਂ ਲਈ ਨੈਨੀਆਂ ਅਰਮੀਨੀਅਨ ਹੁੰਦੀਆਂ ਸਨ; ਧਰਮ ਤੋਂ ਇਸਾਈ, ਗੋਰੀਆਂ ਚਿੱਟੀਆਂ, ਵੱਧ ਸੱਭਿਅਕ, ਵੱਧ ਮਿਹਨਤੀ, ਵੱਧ ਵਫ਼ਾਦਾਰ। ਫ਼ਲਸਤੀਨੀ ਬਹੁਮੱਤ ਵਾਲੇ ਖੇਤਰ ਵਿਚ ਯਹੂਦੀਆਂ ਲਈ ‘ਮਾਤ-ਭੂਮੀ’ ਸਥਾਪਿਤ ਕਰਨ ਦੇ ਵਾਅਦੇ ਵਾਲੇ ਬੈਲਫੋਰ ਐਲਾਨਨਾਮੇ (1917) ਦੇ ਬਾਵਜੂਦ ਇਰਾਕੀ, ਯਮਨੀ ਜਾਂ ਸੀਰੀਆਈ ਅਰਬ ਸਮਾਜਾਂ ਦੇ ਰੁਖ਼ ਵਿਚ ਮੁਕਾਮੀ ਯਹੂਦੀਆਂ ਪ੍ਰਤੀ ਬਹੁਤੀ ਤਬਦੀਲੀ ਨਹੀਂ ਆਈ। ਅਰਬ ਜਗਤ ਵਿਚ ਯਹੂਦੀਆਂ ’ਤੇ ਸਖ਼ਤੀ ਦਾ ਦੌਰ 1948 ’ਚ ਇਜ਼ਰਾਈਲ ਦੀ ਸਥਾਪਨਾ ਅਤੇ ਉਸ ਦੀਆਂ ਫ਼ੌਜਾਂ ਤੇ ਹਥਿਆਰਬੰਦ ਰਜ਼ਾਕਾਰਾਂ ਵੱਲੋਂ ਫ਼ਲਸਤੀਨੀ ਇਲਾਕਿਆਂ ਵਿਚ ਮਚਾਈ ਮਾਰਖੋਰੀ ਮਗਰੋਂ ਸ਼ੁਰੂ ਹੋਇਆ।
w ਇਰਾਕੀ ਯਹੂਦੀ ਖ਼ੁਦ ਨੂੰ ਅਰਬ ਹੀ ਮੰਨਦੇ ਸਨ। ਉਨ੍ਹਾਂ ਦੀ ਬੋਲਚਾਲ ਦੀ ਭਾਸ਼ਾ ਵੀ ਅਰਬੀ ਸੀ। ਉਨ੍ਹਾਂ ਦਾ ਨਵ-ਸਥਾਪਿਤ ‘ਵਤਨ’ ਵੱਲ ਹਿਜਰਤ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਬੰਬ ਵਿਸਫੋਟਾਂ ਤੇ ਹੋਰ ਹਿੰਸਕ ਘਟਨਾਵਾਂ ਨੇ 1.35 ਲੱਖ ਇਰਾਕੀ ਯਹੂਦੀਆਂ ਨੂੰ ਯਕਲਖ਼ਤ ਇਜ਼ਰਾਈਲ ਵੱਲ ਹਿਜਰਤ ਵਾਸਤੇ ਮਜਬੂਰ ਕੀਤਾ। ਡਾ. ਸ਼ਲਾਇਮ ਦਸਤਾਵੇਜ਼ੀ ਸਬੂਤਾਂ ਦੇ ਆਧਾਰ ’ਤੇ ਦਾਅਵਾ ਕਰਦਾ ਹੈ ਕਿ ਇਰਾਕੀ ਇਲਾਕੇ ਵਿਚ ਬੰਬ ਧਮਾਕੇ ਤੇ ਹੋਰ ਦੰਗੇ ਫ਼ਸਾਦ ਇਜ਼ਰਾਇਲੀ ਖ਼ੁਫ਼ੀਆ ਏਜੰਸੀ ‘ਮੌਸੈਦ’ ਨੇ ਕਰਵਾਏ ਤਾਂ ਜੋ ਇਰਾਕੀ ਯਹੂਦੀ ਹਿਜਰਤ ਵਾਸਤੇ ਮਜਬੂਰ ਹੋ ਜਾਣ। ਨਵੇਂ ਮੁਲਕ ਨੂੰ ਨਵੇਂ ਲੋਕਾਂ, ਖ਼ਾਸ ਕਰਕੇ ਮਿਹਨਤੀ ਲੋਕਾਂ ਦੀ ਲੋੜ ਸੀ ਜੋ ਕਿਰਤ ਵੀ ਦੱਬ ਕੇ ਕਰਨ ਤੇ ਸ਼ਿਕਾਇਤ ਵੀ ਨਾ ਕਰਨ। ਇਰਾਕ, ਸੀਰੀਆ, ਯਮਨ, ਜੌਰਡਨ (ਅਰਬ ਨਾਮ ਯੁਰਦਨ) ਤੋਂ ਨਵੇਂ ਹਿਜਰਤੀਆਂ ਦੀਆਂ ਵਹੀਰਾਂ ਨੇ ਨਵੇਂ ਵਤਨ ਦਾ ਵੱਡਾ ਮਸਲਾ ਹੱਲ ਕਰ ਦਿੱਤਾ। ਵੱਸਦੇ-ਰੱਸਦੇ ਕਾਰੋਬਾਰ ਛੱਡ ਕੇ ਇਜ਼ਰਾਈਲ ਪੁੱਜਣ ਵਾਲਿਆਂ ਨੂੰ ਛੋਟੇ ਛੋਟੇ ਸਰਕਾਰੀ ਅਪਾਰਟਮੈਂਟ ਅਲਾਟ ਕੀਤੇ ਗਏ। ਡਾ. ਸ਼ਲਾਇਮ ਦੇ ਪਿਤਾ ਨੇ ਆਪਣੇ ਨਾਲ ਜੋ ਰਕਮ ਲਿਆਂਦੀ, ਉਹ ਇਕ ਬੇਈਮਾਨ ਕਾਰੋਬਾਰੀ ਭਾਈਵਾਲ ਨੇ ਬੇਸ਼ਰਮੀ ਨਾਲ ਹਜ਼ਮ ਕਰ ਲਈ। ਇਸ ਤੋਂ ਸਦਮਾਗ੍ਰਸਤ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਘਰ ਦਾ ਖ਼ਰਚਾ ਸ਼ਲਾਇਮ ਦੀ ਮਾਂ ਜੁਟਾਉਂਦੀ ਰਹੀ, ਟੈਲੀਫੋਨ ਅਪਰੇਟਰ ਵਜੋਂ ਨੌਕਰੀ ਕਰਕੇ।
w ਸ਼ਲਾਇਮ ਦਾ ਪਰਿਵਾਰ 1951 ’ਚ ਇਜ਼ਰਾਈਲ ਪੁੱਜਾ। ਉਸ ਨੇ ਸਕੂਲ ਵਿਚ ਹੋਰਨਾਂ ਬੱਚਿਆਂ ਨਾਲ ਰਚਣ-ਮਿਚਣ ਤੇ ਉਨ੍ਹਾਂ ਵਰਗਾ ਹੀ ਜਾਪਣ ਦੇ ਯਤਨ ਖ਼ੁਦ-ਬ-ਖ਼ੁਦ ਕੀਤੇ। ਉਸ ਨੂੰ ਸ਼ਰਮ ਆਉਂਦੀ ਸੀ ਜਦੋਂ ਉਸ ਦਾ ਪਿਤਾ ਹੋਰਨਾਂ ਬੱਚਿਆਂ ਦੇ ਸਾਹਮਣੇ ਉਸ ਨਾਲ ਅਰਬੀ ’ਚ ਗੱਲਬਾਤ ਕਰਦਾ ਸੀ। ਉਹ ਮਹਿਸੂਸ ਕਰਨ ਲੱਗ ਪਿਆ ਸੀ ਕਿ ਉਹ ਕਦੇ ਵੀ ਆਪਣਾ ਅਰਬ ਯਹੂਦੀ ਵਾਲਾ ਅਕਸ ਮਿਟਾ ਨਹੀਂ ਸਕੇਗਾ।
w ਡਾ. ਸ਼ਲਾਇਮ ਮੁਤਾਬਿਕ ਇਜ਼ਰਾਇਲੀ ਫ਼ੌਜ ਆਮ ਨਾਗਰਿਕਾਂ ਨਾਲੋਂ ਕਿਤੇ ਵੱਧ ਸਮਾਨਤਾਵਾਦੀ ਹੈ। ਉੱਥੇ ਜੇ ਪੱਖਪਾਤ ਹੁੰਦਾ ਵੀ ਹੈ ਤਾਂ ਸੂਖ਼ਮ ਰੂਪ ਵਿਚ, ਸਿੱਧੇ ਤੌਰ ’ਤੇ ਕਦੇ ਵੀ ਨਹੀਂ।
w ਹੁੱਬਲਵਤਨੀ ਵਾਲਾ ਜਨੂਨ ਸ਼ਲਾਇਮ ਵਿਚ ਫ਼ੌਜ ਛੱਡਣ ਤੋਂ ਕਈ ਸਾਲ ਬਾਅਦ ਵੀ ਜਾਰੀ ਰਿਹਾ। ਫਿਰ ਅਕਾਦਮਿਕਤਾ ਪ੍ਰਤੀ ਮੋਹ ਵੀ ਉਸ ਦੇ ਅੰਦਰ ਮੁੜ ਹੁਲਾਰੇ ਲੈਣ ਲੱਗਾ। ਉਹ ਬ੍ਰਿਟੇਨ ਪਰਤ ਆਇਆ। ਹੌਲੀ ਹੌਲੀ ਉਸ ਦਾ ਨਜ਼ਰੀਆ ਬਦਲਣ ਲੱਗਾ। ਉਹ ਮਹਿਸੂਸ ਕਰਨ ਲੱਗਾ ਕਿ ਯਹੂਦੀਆਂ ਨਾਲ ਸਦੀਆਂ ਤੱਕ ਹੋਈ ਨਾ-ਇਨਸਾਫ਼ੀ ਦਾ ਅਸਰ ਫ਼ਲਸਤੀਨੀਆਂ ਨਾਲ ਲਗਾਤਾਰ ਨਾ-ਇਨਸਾਫ਼ੀ ਰਾਹੀਂ ਮਿਟਾਇਆ ਨਹੀਂ ਜਾ ਸਕਦਾ। ਦੋਵਾਂ ਕੌਮਾਂ ਨੂੰ ਅੰਤ ਮਿਲ ਕੇ ਰਹਿਣਾ ਸਿੱਖਣਾ ਹੀ ਪਵੇਗਾ। ਇਸ ਪਾਸੇ ਵੱਲ ਸੰਜੀਦਾ ਯਤਨ ਦੋਵਾਂ ਕੌਮਾਂ ਤੋਂ ਇਲਾਵਾ ਪੱਛਮੀ ਜਗਤ ਵੱਲੋਂ ਵੀ ਕੀਤੇ ਜਾਣੇ ਚਾਹੀਦੇ ਹਨ ਅਤੇ ਅਰਬ ਜਗਤ ਵੱਲੋਂ ਵੀ। ਉਹ ਹੁਣ ਇਸੇ ਸੋਚ ਨੂੰ ਅੱਗੇ ਵਧਾਉਣ ਦੇ ਰਾਹ ਤੁਰਿਆ ਹੋਇਆ ਹੈ।
ਅੰਧਰਾਸ਼ਟਰਵਾਦ ਤੇ ਜੰਗਬਾਜ਼ੀ ਦੇ ਆਲਮ ਵਿਚ ਬੜੇ ਭਰਮ-ਭੁਲੇਖੇ ਦੂਰ ਕਰਦੀ ਹੈ ਇਹ ਕਿਤਾਬ। ਇਹੋ ਇਸ ਦਾ ਸਭ ਤੋਂ ਵੱਡਾ ਹਾਸਿਲ ਹੈ।
* * *
ਤਰਸੇਮ ਦੀ ਕਵਿਤਾ ‘ਮਾਇਆ’ 70 ਤੋਂ ਵੱਧ ਸਫ਼ੇ ਲੰਮੀ ਹੈ; ਮਾਇਆ ਦੇ ਵੱਖ ਵੱਖ ਰੂਪਾਂ ਤੇ ਰੰਗਾਂ ਦਾ ਦ੍ਰਿਸ਼ਟਾਂਤੀ ਵਰਣਨ ਕਰਨ ਵਾਲੀ; ਪਦਾਰਥਵਾਦੀ ਸੰਸਾਰ ਦੀਆਂ ਕਮਜ਼ੋਰੀਆਂ ਤੇ ਕਾਲਖ਼ਾਂ ਨੂੰ ਫਲਸਫ਼ਾਨਾ ਲੋਅ ਵਿੱਚ ਬਿਆਨ ਕਰਨ ਵਾਲੀ; ਮਾਇਆ ਦੇ ਨਸ਼ਵਰੀ ਤੇ ਨਸ਼ਤਰੀ ਅਵਤਾਰਾਂ ਨੂੰ ਬੇਪਰਦ ਕਰਨ ਵਾਲੀ। ਇਹ ਮਾਇਆ ਕਿਤਾਬੀ ਰੂਪ ਵਿੱਚ ਪਹਿਲੀ ਵਾਰ 2002 ਵਿੱਚ ਛਪੀ ਸੀ। ਹੁਣ ਦੋ ਦਹਾਈਆਂ ਬਾਅਦ ਇਹ ਬਿਹਤਰ ਐਡੀਸ਼ਨ ਦੇ ਰੂਪ ਵਿੱਚ ਕੈਲੀਬਰ ਪਬਲੀਕੇਸ਼ਨ (108 ਪੰਨੇ; 160 ਰੁਪਏ) ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸਵਾਗਤਯੋਗ ਹੈ ਇਹ ਉੱਦਮ।
ਤਰਸੇਮ ਬਹੁਵਿਧਾਈ ਅਦੀਬ ਵੀ ਹੈ ਅਤੇ ਤਰਜਮਾਕਾਰ ਵੀ। ਜਿੰਨਾ ਉਸ ਨੇ ਮੌਲਿਕ ਕੰਮ ਕੀਤਾ ਹੈ, ਉਸ ਤੋਂ ਕਿਤੇ ਵੱਧ ਕੰਮ ਪੰਜਾਬੀ ਤੇ ਹਿੰਦੀ ਵਿੱਚ ਤਰਜਮਾਕਾਰੀ ਦਾ ਵੀ ਕੀਤਾ ਹੈ। ਪੜ੍ਹਨ ਤੇ ਗੁੜ੍ਹਨ ਸਦਕਾ ਵਿਆਪਕ ਹੋਏ ਭਾਸ਼ਾਈ ਗਿਆਨ ਦਾ ਪ੍ਰਭਾਵ ਉਸ ਦੀਆਂ ਰਚਨਾਵਾਂ ਉੱਪਰ ਨਜ਼ਰ ਆਉਂਦਾ ਹੈ। ‘ਮਾਇਆ’ ਕਈ ਖ਼ੂਬਸੂਰਤ ਭਾਸ਼ਾਈ ਛੋਹਾਂ ਤੇ ਬਿੰਬਾਂ ਨਾਲ ਲੈਸ ਹੈ। ਕਿਤਾਬ ਵਿੱਚ ਲੰਮੀ ਕਵਿਤਾ ਤੋਂ ਇਲਾਵਾ ਅੰਤਿਕਾ ਦੇ ਰੂਪ ਵਿੱਚ ਤਿੰਨ ਪ੍ਰਮੁੱਖ ਚਿੰਤਕਾਂ- ਸੁਖਬੀਰ, ਡਾ. ਸੁਤਿੰਦਰ ਸਿੰਘ ਨੂਰ ਤੇ ਡਾ. ਮੋਹਨਜੀਤ ਦੇ ਮਜ਼ਮੂਨ ਵੀ ਸ਼ਾਮਲ ਹਨ, ‘ਮਾਇਆ’ ਦੇ ਰੂਪਕ ਤੇ ਰੂਹਾਨੀ ਪੱਖਾਂ ਦਾ ਵਿਸ਼ਲੇਸ਼ਣ ਕਰਨ ਵਾਲੇ। ਸੁਖਬੀਰ ਨੇ ਤਰਸੇਮ ਦੀ ‘‘ਮਾਇਆ ਵਿੱਚ ਮਨੁੱਖ ਤੇ ਮਿੱਟੀ ਦੀ ਸਿਰਜਕ ਸ਼ਕਤੀ ਨੂੰ ਦੇਖਿਆ ਹੈ ਅਤੇ ਉਸ ਦੀ ਤਬਾਹੀ ਤੇ ਹਰ ਵਾਰ ਨਵੀਂ ਸਿਰਜਣਾ’’ ਦੇ ਬਿਆਨ ਦੀ ਸਰਾਹਨਾ ਕੀਤੀ ਹੈ। ਡਾ. ਨੂਰ ਅਨੁਸਾਰ ‘‘ਤਰਸੇਮ ਨੇ ਇਸ ਲੰਮੀ ਕਵਿਤਾ ਵਿੱਚ ਮਾਇਆ ਦੇ ਪੌਰਾਣਿਕ ਤੇ ਦਾਰਸ਼ਨਿਕ ਭਾਰਤੀ ਸੰਕਲਪ ਦੀ ਗੱਲ ਛੋਹੀ ਹੈ।’’ ਡਾ. ਮੋਹਨਜੀਤ ਮੁਤਾਬਿਕ ਤਰਸੇਮ ‘‘ਆਪਣੀ ਕਵਿਤਾ... ਵਿੱਚ ਮਾਇਆ ਦੇ ਅਨੇਕਾਂ ਪਾਸਾਰ ਵੇਖਦਾ ਹੈ। ... ਕਵਿਤਾ ਵਿਆਪਕ ਵਰਤਾਰੇ ਵਾਲੀ ਹੈ।’’ ਇਹ ਤਿੰਨੋਂ ਟਿੱਪਣੀਆਂ ‘ਮਾਇਆ’ ਦੇ ਕਿਤਾਬੀ ਰੂਪ ਦੀ ਸਾਰਥਿਕਤਾ ਦਾ ਸਬੂਤ ਹਨ।

