ਜ਼ੂਬਿਨ ਮੌਤ ਮਾਮਲਾ: ਸੀ ਆਈ ਡੀ ਨੇ ਈਵੈਂਟ ਮੈਨੇਜਰ ਖ਼ਿਲਾਫ਼ ਨਵੀਂ ਜਾਂਚ ਵਿੱਢੀ
ਜਾਂਚ ਏਜੰਸੀ ਨੇ ਸ਼ਿਆਮਕਾਨੂ ਦੇ ਘਰੋਂ ‘ਇਤਰਾਜ਼ਯੋਗ’ ਦਸਤਾਵੇਜ਼ ਤੇ ਵਸਤਾਂ ਜ਼ਬਤ ਕੀਤੀਆਂ
ਅਸਾਮ ਪੁਲੀਸ ਨੇ ਗਾਇਕ ਜ਼ੂਬਿਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ’ਚ ਹੋਈ ਮੌਤ ਦੇ ਮਾਮਲੇ ’ਚ ਮੁਲਜ਼ਮ ਈਵੈਂਟ ਮੈਨੇਜਰ ਸ਼ਿਆਮਕਾਨੂ ਮਹੰਤ ਖ਼ਿਲਾਫ਼ ਵਿੱਤੀ ਅਪਰਾਧਾਂ ’ਚ ਕਥਿਤ ਸ਼ਮੂਲੀਅਤ ਅਤੇ ਮਨੀ ਲਾਂਡਰਿੰਗ ਰਾਹੀਂ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਅਧਿਕਾਰਤ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੋਇਆ।
ਸ਼ਿਆਮਕਾਨੂ, ਸਾਬਕਾ ਡੀ ਜੀ ਪੀ ਅਤੇ ਅਸਾਮ ਰਾਜ ਸੂਚਨਾ ਦੇ ਮੁੱਖ ਸੂਚਨਾ ਕਮਿਸ਼ਨਰ ਜੋਤੀ ਮਹੰਤ ਦਾ ਛੋਟਾ ਭਰਾ ਹੈ। ਉਨ੍ਹਾਂ ਦਾ ਇੱਕ ਹੋਰ ਵੱਡਾ ਨਾਨੀ ਭਰਾ ਗੋਪਾਲ ਮਹੰਤ ਹੈ। ਗੋਪਾਲ ਮਹੰਤ ਗੁਹਾਟੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਸਰਮਾ ਬਿਸਵਾ ਦਾ ਸਿੱਖਿਆ ਸਲਾਹਕਾਰ ਸੀ। ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਅਪਰਾਧਕ ਜਾਂਚ ਵਿਭਾਗ (ਸੀ ਆਈ ਡੀ) ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਛਾਪਿਆਂ ਦੌਰਾਨ ਸ਼ਿਆਮਕਾਨੂ ਦੇ ਘਰੋਂ ‘ਇਤਰਾਜ਼ਯੋਗ’ ਦਸਤਾਵੇਜ਼ ਤੇ ਵਸਤਾਂ ਜ਼ਬਤ ਕੀਤੀਆਂ। ਇਨ੍ਹਾਂ ਵਿੱਚ ਇਕੋ ਫਰਮ ਦੇ ਨਾਮ ’ਤੇ ਕਈ ਪੈਨ ਕਾਰਡ, ਵੱਖ-ਵੱਖ ਕੰਪਨੀਆਂ ਤੇ ਸਰਕਾਰੀ ਅਧਿਕਾਰੀਆਂ ਦੀਆਂ ਲਗਪਗ 30 ਮੋਹਰਾਂ ਤੇ ਕਈ ਬੇਨਾਮੀ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਹਨ। ਤਲਾਸ਼ੀ ਮਗਰੋਂ ਸੀ ਆਈ ਡੀ ਦੇ ਐੱਸ ਐੱਸ ਪੀ ਆਸ਼ਿਫ ਅਹਿਮਦ ਨੇ ਤਫ਼ਸੀਲ ’ਚ ਐੱਫ ਆਈ ਆਰ ਦਰਜ ਕੀਤੀ ਹੈ। ਸ਼ਿਆਮਕਾਨੂ ਮਹੰਤ ਜੋ ਸਿੰਗਾਪੁਰ ’ਚ ‘ਨੌਰਥਈਸਟ ਇੰਡੀਆ ਫੈਸਟੀਵਲ’ ਜਿੱਥੇ ਗਾਇਕ ਗਰਗ ਪੇਸ਼ਕਾਰੀ ਲਈ ਗਿਆ ਸੀ, ਦਾ ਮੁੱਖ ਪ੍ਰਬੰਧਕ ਸੀ ਅਤੇ ਮੈਨੇਜਰ ਸਿਧਾਰਥ ਸ਼ਰਮਾ ਸਣੇ 10 ਹੋਰਨਾਂ ਖ਼ਿਲਾਫ਼ 60 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਜ਼ੂਬਿਨ ਗਰਗ ਦੇ ਪਰਿਵਾਰ ਵੱਲੋਂ ਅਸਾਮ ਸੀ ਆਈ ਡੀ ਨੂੰ ਸ਼ਿਕਾਇਤ
ਗੁਹਾਟੀ: ਗਾਇਕ ਜ਼ੂਬਿਨ ਗਰਗ ਦੇ ਪਰਿਵਾਰ ਨੇ ਗਰਗ ਦੀ ਸਿੰਗਾਪੁਰ ’ਚ ਡੁੱਬਣ ਕਾਰਨ ਹੋਈ ਮੌਤ ਸਬੰਧੀ ਸੀ ਆਈ ਡੀ ਨੂੰ ਸ਼ਿਕਾਇਤ ਦਰਜ ਕਰਵਾ ਕੇ ਘਟਨਾ ਦੀ ਡੂੰਘਾਈ ਨਾਲ ਜਾਂਚ ਮੰਗੀ ਹੈ। ਗਰਗ ਦੇ ਰਿਸ਼ਤੇਦਾਰ ਮਨੋਜ ਬੋਰਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੇ ਲੰਘੇ ਦਿਨ ਈਮੇਲ ਰਾਹੀਂ ਸੀ ਆਈ ਡੀ ਨੂੰ ਸ਼ਿਕਾਇਤ ਭੇਜੀ। ਉਨ੍ਹਾਂ ਕਿਹਾ, ‘‘ਜ਼ੂਬਿਨ ਗਰਗ ਦੀ ਮੌਤ ਜਿਸ ਹਾਲਾਤ ’ਚ ਹੋਈ, ਅਸੀਂ ਉਸ ਦੀ ਜਾਂਚ ਚਾਹੁੰਦੇ ਹਾਂ।’’ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਰਗ ਦੇ ਪਰਿਵਾਰ ਤੋਂ ਸ਼ਿਕਾਇਤ ਮਿਲੀ ਹੈ। ਸੀ ਆਈ ਡੀ ਦੀ ਸਿਟ ਗਾਇਕ-ਸੰਗੀਤਕਾਰ ਦੀ ਮੌਤ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਤੇ ਪਰਿਵਾਰ ਵੱਲੋਂ ਦਰਜ ਸ਼ਿਕਾਇਤ ਨੂੰ ਉਸੇ ਨਾਲ ਜੋੜਿਆ ਜਾਵੇਗਾ। -ਪੀਟੀਆਈ