ਜ਼ੂਬਿਨ ਮਾਮਲਾ: ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ
ਜੇਲ੍ਹ ਦੇ ਬਾਹਰ ਵਾਹਨਾਂ ਨੂੰ ਅੱਗ ਲਾਈ; ਭੀਡ਼ ਖਦੇਡ਼ਨ ਲਈ ਪੁਲੀਸ ਨੇ ਲਾਠੀਚਾਰਜ ਕੀਤਾ
ਅਸਾਮ ਪੁਲੀਸ ਨੇ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਪੰਜ ਮੁਲਜ਼ਮਾਂ ਨੂੰ ਅੱਜ ਬਾਕਸਾ ਜ਼ਿਲ੍ਹਾ ਜੇਲ੍ਹ ਲਿਆਉਣ ਦੌਰਾਨ ਵਾਹਨਾਂ ’ਤੇ ਪੱਥਰ ਮਾਰਨ ਵਾਲੀ ਭੀੜ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ।
ਜ਼ਿਲ੍ਹਾ ਕਮਿਸ਼ਨਰ ਗੌਤਮ ਦਾਸ ਨੇ ਕਿਹਾ ਕਿ ਇਹਤਿਆਤ ਵਜੋਂ ਮੁਸ਼ਲਪੁਰ ਤੇ ਜੇਲ੍ਹ ਦੇ ਨਾਲ ਲੱਗਦੇ ਇਲਾਕਿਆਂ ’ਚ ਬੀ ਐੱਨ ਐੱਸ ਐੈੱਸ ਦੀ ਧਾਰਾ 163 ਤਹਿਤ ਪਾਬੰਦੀਆਂ ਦੇ ਹੁਕਮ ਦਿੱਤੇ ਗਏ ਹਨ ਅਤੇ ਪੂਰੇ ਬਕਸਾ ਜ਼ਿਲ੍ਹੇ ’ਚ ਇੰਟਰਨੈੱਟ ਤੇ ਮੋਬਾਈਲ ਡੇਟਾ ਸੇਵਾਵਾਂ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤੀਆਂ ਹਨ।
ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਮੁਲਾਜ਼ਮ, ਪੱਤਰਕਾਰ ਤੇ ਕੁਝ ਸਥਾਨਕ ਲੋਕ ਜ਼ਖਮੀ ਹੋ ਗਏ ਤੇ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਮੁਸ਼ਲਪੁਰ ਇਲਾਕੇ ’ਚ ਜੇਲ੍ਹ ਦੇ ਬਾਹਰ ਇਕੱਠੇ ਹੋਏ ਤੇ ਜਿਵੇਂ ਹੀ ਮੁਲਜ਼ਮਾਂ ਨੂੰ ਜੇਲ੍ਹ ਲਿਜਾਣ ਵਾਲੇ ਵਾਹਨਾਂ ਦਾ ਕਾਫਲਾ ਪਹੁੰਚਿਆ ਤਾਂ ਉਨ੍ਹਾਂ ਨੇ ਵਾਹਨਾਂ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ‘ਜ਼ੂਬਿਨ ਲਈ ਨਿਆਂ’ ਯਕੀਨੀ ਬਣਾਉਣ ਵਾਸਤੇ ਮੁਲਜ਼ਮਾਂ ਨੂੰ ਜਨਤਾ ਦੇ ਹਵਾਲੇ ਕਰਨ ਦੀ ਮੰਗ ਵੀ ਕੀਤੀ। ਅਧਿਕਾਰੀ ਮੁਤਾਬਕ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਹੋ ਗਈ। ਅਪੀਲਾਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਿੱਛੇ ਨਾ ਹਟੇ ਤਾਂ ਸਥਿਤੀ ਨੂੰ ਕੰਟਰੋਲ ਕਰਨ ਦੇ ਪੁਲੀਸ ਮੁਲਾਜ਼ਮਾਂ ਨੂੰ ਲਾਠੀਚਾਰਜ ਕਰਨਾ ਪਿਆ। ਅਧਿਕਾਰੀ ਨੇ ਕਿਹਾ ਕਿ ਇਲਾਕੇ ਹਾਲੇ ਵੀ ਤਣਾਅ ਬਣਿਆ ਹੋਇਆ ਹੈ। ਰਾਹੁਲ ਭਲਕੇ ਜ਼ੂਬਿਨ ਨੂੰ ਸ਼ਰਧਾਂਜਲੀ ਭੇਟ ਕਰਨਗੇ ਗੁਹਾਟੀ: ਇਸੇ ਦੌਰਾਨ ਕਾਂਗਰਸ ਦੇ ਤਰਜਮਾਨ ਨੇ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਸਾਮ ਦੇ ਮਰਹੂਮ ਗਾਇਕ ਜ਼ੂਬਿਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ 17 ਅਕਤੂਬਰ ਨੂੰ ਗੁਹਾਟੀ ਆਉਣਗੇ। -ਪੀ ਟੀ ਆਈ
ਸਿੰਗਾਪੁਰ ਤੋਂ ਅਸਾਮੀ ਭਾਈਚਾਰੇ ਦੇ ਤਿੰਨ ਮੈਂਬਰ ਸਿਟ ਅੱਗੇ ਪੇਸ਼
ਗੁਹਾਟੀ: ਅਸਾਮ ਪੁਲੀਸ ਦੇ ਸਪੈਸ਼ਲ ਡੀ ਜੀ ਪੀ ਮੁੰਨਾ ਪ੍ਰਸਾਦ ਗੁਪਤਾ ਨੇ ਕਿਹਾ ਕਿ ਸਿੰਗਾਪੁਰ ’ਚ ਅਸਾਮੀ ਭਾਈਚਾਰੇ ਦੇ ਤਿੰਨ ਮੈਂਬਰ ਇੱਥੇ ਜ਼ੂਬਿਨ ਗਰਗ ਦੀ ਮੌਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਅੱਗੇ ਪੇਸ਼ ਹੋਏ। ਜ਼ੂਬਿਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ’ਚ ਮੌਤ ਹੋ ਗਈ ਸੀ। ਗੁਪਤਾ ਮੁਤਾਬਿਕ ਤਿੰਨ ਜਣਿਆਂ ਸ਼ੁਸ਼ਮਿਤਾ ਗੋਸਵਾਮੀ, ਪ੍ਰਾਤਿਮ ਭੂਇਆਂ ਤੇ ਦੇਬੋਜਯੋਤੀ ਹਜ਼ਾਰਿਕਾ ਸੀ ਆਈ ਡੀ ਦਫ਼ਤਰ ’ਚ ਪੇਸ਼ ਹੋਏ ਜਿਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਨ੍ਹਾਂ 11 ਲੋਕਾਂ ਨੂੰ ਸੰਮਨ ਜਾਰੀ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 10 ਪਹਿਲਾਂ ਹੀ ਸਿਟ ਅੱਗੇ ਪੇਸ਼ ਹੋ ਚੁੱਕੇ ਹਨ। ਗੁਪਤਾ ਮੁਤਾਬਿਕ ਸਿਰਫ ਇੱਕ ਵਿਅਕਤੀ ਵਾਜ਼ਦ ਅਹਿਮਦ ਦਾ ਆਉਣਾ ਹਾਲੇ ਬਾਕੀ ਹੈ ਕਿਉਂਕਿ ਉਹ ਸਿੰਗਾਪੁਰ ਦਾ ਨਾਗਰਿਕ ਹੈ ਤੇ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਣਗੀਆਂ। ਡੀ ਜੀ ਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਕਥਿਤ ‘ਪੋਸਟਮਾਰਟਮ ਰਿਪੋਰਟ’ ਪ੍ਰਮਾਣਿਕ ਨਹੀਂ ਸੀ। -ਪੀ ਟੀ ਆਈ