Zubeen death inquiry ਸਿੰਗਾਪੁਰ ਰਹਿੰਦੇ ਅਸਮੀ ਲੋਕਾਂ ਦੇ ਜਾਂਚ ਵਿਚ ਸ਼ਾਮਲ ਹੋਣ ਤੱਕ ਮਸਲਾ ਨਹੀਂ ਸੁਲਝੇਗਾ: ਸਰਮਾ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਸਿੰਗਾਪੁਰ ਵਿਚ ਗਾਇਕ ਜ਼ੂਬੀਨ ਗਰਗ ਦੀ ਮੌਤ ਵੇਲੇ ਕਿਸ਼ਤੀ ’ਤੇ ਮੌਜੂਦ ਅਸਾਮ ਨਾਲ ਸਬੰਧਤ ਲੋਕਾਂ ਨੂੰ ਜਦੋਂ ਤੱਕ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੁਲੀਸ ਇਸ ਮਸਲੇ ਨੂੰ...
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਸਿੰਗਾਪੁਰ ਵਿਚ ਗਾਇਕ ਜ਼ੂਬੀਨ ਗਰਗ ਦੀ ਮੌਤ ਵੇਲੇ ਕਿਸ਼ਤੀ ’ਤੇ ਮੌਜੂਦ ਅਸਾਮ ਨਾਲ ਸਬੰਧਤ ਲੋਕਾਂ ਨੂੰ ਜਦੋਂ ਤੱਕ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੁਲੀਸ ਇਸ ਮਸਲੇ ਨੂੰ ਨਹੀਂ ਸੁਲਝਾ ਸਕਦੀ। ਸਰਮਾ ਨੇ ਕਿਹਾ ਕਿ ਅਸਾਮ ਦੇ ਲੋਕਾਂ ਨੂੰ ਸਿੰਗਾਪੁਰ ਦੇ ਅਸਮੀ ਭਾਈਚਾਰੇ '’ਤੇ ਦਬਾਅ ਪਾਉਣਾ ਚਾਹੀਦਾ ਹੈ ਤਾਂ ਜੋ ਸਬੰਧਤ ਲੋਕਾਂ ਨੂੰ ਇੱਥੇ ਭੇਜਿਆ ਜਾ ਸਕੇ।
ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਸੀ। ਉੱਥੇ ਰਹਿਣ ਵਾਲੇ ਅਸਾਮੀ ਭਾਈਚਾਰੇ ਦੇ ਕਈ ਲੋਕ ਅਤੇ ਗਾਇਕ ਕਿਸ਼ਤੀ ’ਤੇ ਕੀਤੀ ਯਾਤਰਾ ਮੌਕੇ ਮੌਜੂਦ ਸਨ। ਸ਼ਿਆਮਕਨੂ ਮਹੰਤ ਅਤੇ ਉਨ੍ਹਾਂ ਦੀ ਕੰਪਨੀ ਵੱਲੋਂ ਆਯੋਜਿਤ ਉੱਤਰ-ਪੂਰਬੀ ਭਾਰਤ ਉਤਸਵ ਦੇ ਚੌਥੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਗਾਇਕ ਜ਼ੂਬੀਨ ਗਰਗ ਸਿੰਗਾਪੁਰ ਗਿਆ ਸੀ।
ਸਰਮਾ ਨੇ ਇਥੇ ਗਰਗ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ, ‘‘ਸਾਨੂੰ ਹੁਣ ਇਸ ਗੱਲ ਦੀ ਚਿੰਤਾ ਹੈ ਕਿ ਸਿੰਗਾਪੁਰ ਵਿੱਚ ਰਹਿਣ ਵਾਲੇ ਲੋਕ ਆਉਣਗੇ ਜਾਂ ਨਹੀਂ। ਜੇਕਰ ਉਹ ਨਹੀਂ ਆਉਂਦੇ, ਤਾਂ ਅਸੀਂ ਜਾਂਚ ਪੂਰੀ ਨਹੀਂ ਕਰ ਸਕਾਂਗੇ। ਕਿਸ਼ਤੀ ਯਾਤਰਾ ਵਿਉਂਤਣ ਪਿੱਛੇ ਉਨ੍ਹਾਂ ਦਾ ਹੱਥ ਸੀ।’’ ਸਰਮਾ ਨੇ ਕਿਹਾ, ‘‘ਅਸਾਮ ਪੁਲੀਸ ਸਿੰਗਾਪੁਰ ਨਹੀਂ ਜਾ ਸਕਦੀ। ਅਸਮੀ ਭਾਈਚਾਰੇ ਦੇ ਲੋਕ ਸਿੰਗਾਪੁਰ ਵਿਚ ਹਨ ਤੇ ਇਹ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਜਦੋਂ ਤੱਕ ਉਹ ਇਥੇ ਨਹੀਂ ਆਉਂਦੇ, ਕੋਈ ਵੀ ਇਸ ਮਾਮਲੇ ਨੂੰ ਨਹੀਂ ਸੁਲਝਾ ਸਕਦਾ।’’
ਸੂਬੇ ਦੀ ਸੀਆਈਡੀ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਸਿੰਗਾਪੁਰ ਦੀ ਅਸਾਮ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੂੰ ਨੋਟਿਸ ਜਾਰੀ ਕਰਕੇ 6 ਅਕਤੂਬਰ ਤੱਕ ਪੇਸ਼ ਹੋਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ, ‘‘ਇਨ੍ਹਾਂ ਦੇ ਮਾਪੇ ਅਸਾਮ ਵਿਚ ਰਹਿੰਦੇ ਹਨ। ਇਸ ਲਈ ਸਾਨੂੰ ਅਸਾਮ ਦੇ ਲੋਕਾਂ ਨੂੰ ਮਾਪਿਆਂ ’ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਥੇ ਆ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਹਿਣ।’’
ਇਸ ਮਾਮਲੇ ਵਿਚ ਸ਼ਿਆਮਕਨੂ ਮਹੰਤਾ ਤੇ ਗਾਇਕ ਦੇ ਮੈਨੇਜਰ ਸਿੱਧਾਰਥ ਸ਼ਰਮਾ, ਬੈਂਡ ਮੈਨੇਜਰ ਸ਼ੇਖਰ ਜੋਤੀ ਗੋਸਵਾਮੀ ਤੇ ਅਮ੍ਰਿਤ ਪ੍ਰਭਾ ਮਹੰਤਾ ਸਣੇ ਦਸ ਹੋਰਨਾਂ ਖਿਲਾਫ਼ 60 ਤੋਂ ਵੱਧ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਚਾਰੇ ਜਣੇ ਇਸ ਵੇਲੇ 14 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ।