ਯੂਕਰੇਨ ’ਚ ਸ਼ਾਂਤੀ ਬਹਾਲੀ ਲਈ ਜ਼ੇਲੈਂਸਕੀ ਦੀ ਸ਼ਮੂਲੀਅਤ ਜ਼ਰੂਰੀ: ਯੂਰਪੀ ਯੂਨੀਅਨ
ਯੂਰਪੀ ਯੂਨੀਅਨ ਦੇ ਆਗੂਆਂ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹਫ਼ਤੇ ਦੇ ਅਖੀਰ ’ਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਰੂਸ-ਯੂਕਰੇਨ ਜੰਗ ਬਾਰੇ ਹੋਣ ਵਾਲੀ ਅਹਿਮ ਸਿਖਰ ਵਾਰਤਾ ’ਚ ਯੂਰਪ ਦੇ ਸੁਰੱਖਿਆ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ। ਯੂਰਪੀ ਯੂਨੀਅਨ 15 ਅਗਸਤ ਨੂੰ ਹੋਣ ਵਾਲੀ ਮੀਟਿੰਗ ’ਚ ਆਪਣੀ ਭੂਮਿਕਾ ਯਕੀਨੀ ਬਣਾਉਣਾ ਚਾਹੁੰਦੀ ਹੈ ਪਰ ਉਸ ਨੂੰ ਇਸ ਮੀਟਿੰਗ ’ਚੋਂ ਬਾਹਰ ਰੱਖਿਆ ਗਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਯੂਕਰੇਨ ਵੀ ਇਸ ਮੀਟਿੰਗ ’ਚ ਹਿੱਸਾ ਲਵੇਗਾ ਜਾਂ ਨਹੀਂ। ਅੱਜ ਜਾਰੀ ਬਿਆਨ ਵਿੱਚ ਯੂਰਪੀ ਯੂਨੀਅਨ ਦੇ ਆਗੂਆਂ ਨੇ ਕਿਹਾ, ‘ਅਸੀਂ ਯੂਕਰੇਨ ਖ਼ਿਲਾਫ਼ ਰੂਸ ਦੀ ਹਮਲਾਵਰ ਜੰਗ ਖਤਮ ਕਰਨ ਦੀ ਦਿਸ਼ਾ ’ਚ ਰਾਸ਼ਟਰਪਤੀ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਾਂ ਪਰ ਯੂਕਰੇਨ ’ਚ ਸ਼ਾਂਤੀ ਬਹਾਲੀ ਦਾ ਰਾਹ ਯੂਕਰੇਨ ਨੂੰ ਸ਼ਾਮਲ ਕੀਤੇ ਬਿਨਾਂ ਤੈਅ ਨਹੀਂ ਕੀਤਾ ਜਾ ਸਕਦਾ।’ ਟਰੰਪ ਨੇ ਕਿਹਾ ਹੈ ਕਿ ਉਹ ਇਹ ਦੇਖਣਾ ਚਾਹੁੰਦੇ ਹਨ ਕਿ ਪੂਤਿਨ ਚੌਥੇ ਸਾਲ ਅੰਦਰ ਦਾਖਲ ਹੋ ਚੁੱਕੀ ਜੰਗ ਖਤਮ ਕਰਨ ਲਈ ਗੰਭੀਰ ਹਨ ਜਾਂ ਨਹੀਂ। ਟਰੰਪ ਨੇ ਯੂਰਪ ’ਚ ਅਮਰੀਕੀ ਸਹਿਯੋਗੀਆਂ ਨੂੰ ਇਹ ਕਹਿ ਕੇ ਨਿਰਾਸ਼ ਕੀਤਾ ਹੈ ਕਿ ਯੂਕਰੇਨ ਨੂੰ ਰੂਸ ਦੇ ਕਬਜ਼ੇ ਹੇਠਲੇ ਕੁਝ ਇਲਾਕੇ ਛੱਡਣੇ ਪੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਨੂੰ ਜ਼ਮੀਨ ਦੀ ਅਦਲਾ-ਬਦਲੀ ਸਵੀਕਾਰ ਕਰਨੀ ਪਵੇਗੀ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪੂਤਿਨ ਤੋਂ ਬਦਲੇ ਵਿੱਚ ਕੀ ਸੌਂਪੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਯੂਰਪੀ ਯੂਨੀਅਨ ਤੇ ਯੂਕਰੇਨ ਨੂੰ ਖਦਸ਼ਾ ਹੈ ਕਿ 1945 ਤੋਂ ਬਾਅਦ ਯੂਰਪ ’ਚ ਸਭ ਤੋਂ ਵੱਡੀ ਜ਼ਮੀਨੀ ਜੰਗ ਛੇੜਨ ਵਾਲੇ ਪੂਤਿਨ ਢੁੱਕਵੀਆਂ ਰਿਹਾਇਤਾਂ ਹਾਸਲ ਕਰ ਸਕਦੇ ਹਨ। -ਏਪੀ