DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੰਡ-ਪਾਊ ਤਾਕਤਾਂ ਦਾ ਢੁੱਕਵਾਂ ਜੁਆਬ ਦੇਣ ਨੌਜਵਾਨ: ਭਗਵੰਤ ਮਾਨ

ਰੁਜ਼ਗਾਰ ਮਿਸ਼ਨ ਗੈਰਕਾਨੂੰਨੀ ਏਜੰਟਾਂ ਤੋਂ ਛੁਟਕਾਰਾ ਦਿਵਾਏਗਾ; ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ
  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਭਗਵੰਤ ਮਾਨ ਸਮਾਰੋਹ ਵਿਚ ਨਿਯੁਕਤੀ ਪੱਤਰ ਵੰਡਦੇ ਹੋਏ।
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 1 ਫਰਵਰੀ

Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਵਿਚ ਜ਼ਹਿਰ ਫੈਲਾਉਣ ਵਾਲੀਆਂ ਵੰਡ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਸਬਰ ਤੋਂ ਕੰਮ ਲੈਣ ਅਤੇ ਇਨ੍ਹਾਂ ਤਾਕਤਾਂ ਦੇ ਗੁਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿਰੋਧੀ ਤਾਕਤਾਂ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਨੂੰ ਲੀਹੋਂ ਲਾਹੁਣਾ ਚਾਹੁੰਦੀਆਂ ਹਨ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਸੂਬੇ ਦੇ ਸਮਝਦਾਰ ਨੌਜਵਾਨ ਅਜਿਹੇ ਏਜੰਡੇ ਵਿੱਚ ਨਹੀਂ ਫਸਣਗੇ ਅਤੇ ਇਨ੍ਹਾਂ ਤਾਕਤਾਂ ਨੂੰ ਢੁੱਕਵਾਂ ਜਵਾਬ ਦੇਣਗੇ। ਮੁੱਖ ਮੰਤਰੀ ਨੇ ਅੱਜ ਇੱਥੇ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਗਮਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਦਾ ‘ਰੁਜ਼ਗਾਰ ਮਿਸ਼ਨ’ ਸੂਬੇ ਦੇ ਨੌਜਵਾਨਾਂ ਨੂੰ ਗੈਰਕਾਨੂੰਨੀ ਏਜੰਟਾਂ ਦਾ ਸ਼ਿਕਾਰ ਹੋਣ ਤੋਂ ਠੱਲ ਪਾਵੇਗਾ ਤੇ ਸੂਬੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਭਾਈਵਾਲ ਬਣਾਏਗਾ। ਉਨ੍ਹਾਂ ਬਤੌਰ ਸੰਸਦ ਮੈਂਬਰ ਗੈਰਕਾਨੂੰਨੀ ਟਰੈਵਲ ਏਜੰਟਾਂ ਖਿਲਾਫ ਆਵਾਜ਼ ਉਠਾਈ ਸੀ ਤੇ ਪੰਜਾਬ ਸਰਕਾਰ ਨੇ ਹੁਣ ਗੈਰ ਕਾਨੂੰਨੀ ਟਰੈਵਲ ਏਜੰਟਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਪਰਵਾਸ ਐਕਟ ਵਿੱਚ ਵੀ ਲੋੜੀਦੀਆਂ ਸੋਧਾਂ ਕੀਤੀਆਂ ਗਈਆਂ ਹਨ ਤਾਂ ਕਿ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਅੱਜ ਸਿੱਖਿਆ, ਉਚੇਰੀ ਸਿੱਖਿਆ, ਵਿੱਤ, ਆਮ ਰਾਜ ਪ੍ਰਬੰਧ, ਸਹਿਕਾਰਤਾ, ਬਿਜਲੀ ਤੇ ਹੋਰ ਵਿਭਾਗਾਂ ਵਿੱਚ ਭਰਤੀ ਲਈ 518 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮਿਸ਼ਨ ਦੀ ਬਦੌਲਤ ਹੁਣ ਪਰਵਾਸ ਨੂੰ ਪੁੱਠਾ ਗੇੜਾ ਪੈਣ ਲੱਗਾ ਹੈ ਅਤੇ ਨੌਜਵਾਨ ਇੱਥੇ ਆ ਕੇ ਨੌਕਰੀਆਂ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਸਬੰਧੀ ਅੱਠ ਹਾਈ-ਟੈਕ ਕੇਂਦਰ ਖੋਲ੍ਹੇ ਜਾ ਰਹੇ ਹਨ। ਮੁੱਖ ਮੰਤਰੀ ਨੇ ਵਿਅੰਗ ਕਸਦਿਆਂ ਆਖਿਆ ਕਿ ਸੂਬੇ ਦਾ ਇੱਕ ਸਾਬਕਾ ਵਿੱਤ ਮੰਤਰੀ ਨੌਂ ਸਾਲਾਂ ਤੱਕ ‘ਸਰਕਾਰੀ ਖ਼ਜ਼ਾਨਾ ਖਾਲੀ ਹੈ’ ਦਾ ਗੁਮਰਾਹਕੁੰਨ ਰਾਗ ਅਲਾਪਦਾ ਰਿਹਾ, ਜਿਸ ਨਾਲ ਨੌਜਵਾਨਾਂ ਦੇ ਹੌਸਲੇ ਨੂੰ ਵੱਡੀ ਸੱਟ ਵੱਜੀ।

ਡੋਬਣ ਵਾਲੇ ਹੀ ਬਚਾਓ ਯਾਤਰਾ ਕੱਢ ਰਹੇ ਹਨ: ਮਾਨ

ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਡੋਬਣ ਵਾਲੇ ਹੀ ਅੱਜ ਬਚਾਓ ਯਾਤਰਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਆਗੂ ਦੱਸਣ ਕਿ 15 ਸਾਲਾਂ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਕਿਸ ਕੋਲੋਂ ਸੂਬੇ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ। ਅਕਾਲੀਆਂ ਨੇ ਸੂਬੇ ਨੂੰ ਬੜੀ ਬੇਰਹਿਮੀ ਨਾਲ ਲੁੱਟਣ ਲਈ ਕਈ ਤਰ੍ਹਾਂ ਦੇ ਮਾਫੀਆ ਦੀ ਸਰਪ੍ਰਸਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀਆਂ ਦੀਆਂ ਡਰਾਮੇਬਾਜ਼ੀਆਂ ਕੰਮ ਨਹੀਂ ਕਰਨਗੀਆਂ।

Advertisement
×