ਕੋਟਾ, 31 ਮਾਰਚ
ਕੋਟਾ ਵਿੱਚ ਜੇਈਈ ਦੀ ਤਿਆਰੀ ਕਰ ਰਹੇ 18 ਸਾਲਾ ਨੌਜਵਾਨ ਨੇ ਚੱਲਦੀ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਉਸ ਨੇ 2 ਅਪਰੈਲ ਨੂੰ ਜੇਈਈ ਮੇਨ ਦੀ ਪ੍ਰੀਖਿਆ ਦੇਣੀ ਸੀ। ਜਨਵਰੀ ਤੋਂ ਬਾਅਦ ਕੋਟਾ ਵਿੱਚ ਕੋਚਿੰਗ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦਾ ਇਹ ਦਸਵਾਂ ਮਾਮਲਾ ਹੈ। ਡੀਐੱਸਪੀ ਸ਼ੰਕਰ ਲਾਲ ਨੇ ਦੱਸਿਆ ਕਿ ਕਾਨਪੁਰ ਦੇ ਰਹਿਣ ਵਾਲੇ ਉੱਜਵਲ ਮਿਸ਼ਰਾ ਨੇ ਲਖਨਊ ਜਾਣਾ ਸੀ, ਜਿੱਥੇ ਉਸ ਨੂੰ ਇੰਜਨੀਅਰਿੰਗ ਦਾਖਲਾ ਪ੍ਰੀਖਿਆ ਦੇਣ ਲਈ ਕੇਂਦਰ ਅਲਾਟ ਕੀਤਾ ਗਿਆ ਸੀ। ਉਹ ਇੱਥੇ ਕੋਚਿੰਗ ਇੰਸਟੀਚਿਊਟ ਵਿੱਚ ਜੇਈਈ ਦੀ ਤਿਆਰੀ ਕਰ ਰਿਹਾ ਸੀ ਅਤੇ ਰਾਜੀਵ ਗਾਂਧੀ ਨਗਰ ਇਲਾਕੇ ਦੇ ਹੋਸਟਲ ਵਿੱਚ ਰਹਿੰਦਾ ਸੀ। ਡੀਐੱਸਪੀ ਨੇ ਦੱਸਿਆ ਕਿ ਐਤਵਾਰ ਸ਼ਾਮ ਲਗਪਗ 6.30 ਵਜੇ ਨੂੰ ਲੜਕਾ ਆਪਣੇ ਹੋਸਟਲ ਦੇ ਕਮਰੇ ਤੋਂ ਨਿਕਲਿਆ ਅਤੇ ਕੋਟਾ ਰੇਲਵੇ ਸਟੇਸ਼ਨ ਪਹੁੰਚ ਗਿਆ। ਲੋਕੋ ਪਾਇਲਟ ਅਨੁਸਾਰ ਜਦੋਂ ਲੜਕੇ ਨੇ ਰੇਲ ਨੇੜੇ ਆਉਂਦੀ ਦੇਖੀ ਤਾਂ ਉਹ ਉਹ ਪਟੜੀਆਂ ’ਤੇ ਲੇਟ ਗਿਆ। -ਪੀਟੀਆਈ
ਮੱਧ ਪ੍ਰਦੇਸ਼: ਅੱਠਵੀਂ ਜਮਾਤ ’ਚੋਂ ਫੇਲ੍ਹ ਹੋਣ ’ਤੇ ਫਾਹਾ ਲਿਆ
ਜਬਲਪੁਰ: ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਵਿੱਚ 8ਵੀਂ ਜਮਾਤ ਦੀ ਪ੍ਰੀਖਿਆ ’ਚ ਫੇਲ੍ਹ ਹੋਣ ਮਗਰੋਂ 13 ਸਾਲਾ ਲੜਕੇ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨਿਚਰਵਾਰ ਨੂੰ ਭੋਲਾ ਨਗਰ ਇਲਾਕੇ ਵਿੱਚ ਵਾਪਰੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਉਹ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਉਸ ਨੇ ਲੋਹੇ ਦੀ ਰਾਡ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਲੜਕਾ 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਫੇਲ੍ਹ ਹੋ ਗਿਆ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ