ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦੇ 25 ਸਾਲਾ ਨੌਜਵਾਨ ਵੀਰਪਾਲ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਪੁਲੀਸ ਵੱਲੋਂ ਕੀਤੇ ਤਸ਼ੱਦਦ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਇਸ ਵਿੱਚ ਪਿੰਡ ਦੇ ਇੱਕ ਪੰਚ ਦੇ ਸ਼ਾਮਲ ਹੋਣ ਦਾ ਵੀ ਦੋਸ਼ ਲਾਇਆ। ਵੀਰਪਾਲ ਪਿੰਡ ਮਸੀਤਾਂ ਦੇ ਸਰਪੰਚ ਦੇ ਪੁੱਤ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਸ਼ੱਕੀ ਸੀ। ਪਰਿਵਾਰ ਨੇ ਖ਼ੁਦ ਇਸੇ ਮਾਮਲੇ ਵਿੱਚ ਵੀਰਪਾਲ ਨੂੰ ਸੁਲਤਾਨਪੁਰ ਲੋਧੀ ਥਾਣੇ ਵਿੱਚ ਪੇਸ਼ ਕੀਤਾ ਸੀ। ਉਸ ਦੀ ਮੌਤ ਹੋਣ ਮਗਰੋਂ ਪਿੰਡ ਵਾਸੀਆਂ ਨੇ ਪੁਲੀਸ ਤੇ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਨੌਜਵਾਨ ਦੇ ਕਰੀਬੀਆਂ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲੀਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ। ਵੀਰਪਾਲ ਦੇ ਭਰਾ ਰਾਹੁਲ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਸ ਨੂੰ ਵੀ ਉਸ ਦੇ ਭਰਾ ਨਾਲ ਹਿਰਾਸਤ ਵਿੱਚ ਲਿਆ, ਉਸ ਨੇ ਕਿਹਾ ਕਿ ਵੀਰਪਾਲ ਨੂੰ ਪੁਲੀਸ ਨੇ ਸਾਰੀ ਰਾਤ ਕੁੱਟਿਆ ਤੇ ਮਗਰੋਂ ਉਸ ਨੂੰ ਚਿੱਟਾ ਖਾਣ ਲਈ ਮਜਬੂਰ ਕੀਤਾ।
ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ: ਐੱਸ ਐੱਸ ਪੀ
ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਵੀਰਪਾਲ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ। ਉਸ ਵਿਰੁੱਧ ਪਹਿਲਾਂ ਹੀ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਹੈ। ਰਾਤ ਨੂੰ ਉਸ ਦੀ ਸਿਹਤ ਵਿਗੜੀ ਤੇ ਸਵੇਰੇ ਉਸ ਨੂੰ ਹਸਪਤਾਲ ਵਿੱਚ ਜਾਂਚ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਨਿਆਂਇਕ ਜਾਂਚ ਲਈ ਅਰਜ਼ੀ ਭੇਜੀ ਗਈ ਹੈ, ਰਿਪੋਰਟ ਦੇ ਨਤੀਜਿਆਂ ਅਨੁਸਾਰ ਕਾਰਵਾਈ ਕੀਤੀ ਜਾਵੇਗਾ।

