Youth Commits Suicide: ਪਿਤਾ ਵੱਲੋਂ Luxury Car ਨਾ ਦਿਵਾ ਸਕਣ ਕਾਰਨ ਪੁੱਤ ਨੇ ਖ਼ੁਦਕੁਸ਼ੀ ਕੀਤੀ
Telangana: Man 'ends' life after father could not buy luxury car for him
ਖੇਤ ਮਜ਼ਦੂਰ ਪਿਤਾ ਵੱਲੋਂ ਹੋਰ ਕਾਰ ਦਿਵਾਉਣ ਦੀ ਮੰਗ ਨੌਜਵਾਨ ਨੇ ਨਕਾਰ ਦਿੱਤੀ ਤੇ ਗੁੱਸੇ ਵਿਚ ਕੋਈ ਕੀੜੇਮਾਰ ਜ਼ਹਿਰ ਖਾ ਕੇ ਦੇ ਦਿੱਤੀ ਆਪਣੀ ਜਾਨ
ਹੈਦਰਾਬਾਦ, 2 ਜੂਨ
ਤਿਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ ਵਿੱਚ ਇੱਕ ਪਿਉ ਵੱਲੋਂ ਲਗਜ਼ਰੀ ਕਾਰ ਨਾ ਦਿਵਾ ਸਕਣ ਕਾਰਨ ਉਸ ਦੇ 21 ਸਾਲਾ ਨੌਜਵਾਨ ਪੁੱਤ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਖੇਤ ਮਜ਼ਦੂਰ ਪਿਤਾ ਆਪਣੀ ਵਿੱਤੀ ਸਥਿਤੀ ਦੇ ਹਵਾਲੇ ਨਾਲ ਉਸ ਨੂੰ ਲਗਜ਼ਰੀ ਕਾਰ ਖਰੀਦਣ ਲਈ ਪੈਸੇ ਨਹੀਂ ਦੇ ਸਕਿਆ। ਇਹ ਜਾਣਕਾਰੀ ਸੋਮਵਾਰ ਪੁਲੀਸ ਨੇ ਦਿੱਤੀ ਹੈ।
ਘਟਨਾ 30 ਮਈ ਨੂੰ ਚਟਲਾਪੱਲੀ ਪਿੰਡ ਵਿੱਚ ਵਾਪਰੀ। ਜਾਣਕਾਰੀ ਮੁਤਾਬਕ ਨੌਜਵਾਨ ਨੇ ਗੁੱਸੇ ਵਿਚ ਆ ਕੇ ਕੀੜੇ ਮਾਰ ਦਵਾਈ ਪੀ ਲਈ ਅਤੇ ਆਪਣੀ ਜਾਨ ਦੇ ਦਿੱਤੀ। ਜ਼ਹਿਰ ਪੀਣ ਤੋਂ ਬਾਅਦ ਉਹ ਆਪਣੇ ਘਰ ਗਿਆ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸਨੇ ਇਹ ਸਿਰੇ ਦਾ ਕਦਮ ਚੁੱਕਿਆ ਹੈ।
ਪੁਲੀਸ ਨੇ ਕਿਹਾ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ 31 ਮਈ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਹ ਵੀ ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਤੇ ਸ਼ਰਾਬ ਦਾ ਆਦੀ ਸੀ। ਉਸਦੀ ਮਾਨਸਿਕ ਸਥਿਤੀ ਸਥਿਰ ਨਹੀਂ ਸੀ।
ਜਗਦੇਵਪੁਰ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨਾਲ ਝਗੜਦਾ ਰਹਿੰਦਾ ਸੀ ਅਤੇ ਇੱਕ ਆਧੁਨਿਕ ਘਰ ਅਤੇ ਲਗਜ਼ਰੀ ਕਾਰ ਸਮੇਤ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦਾ ਸੀ।
ਉਸ ਦੇ ਮਾਪਿਆਂ ਕੋਲ ਮਹਿਜ਼ ਦੋ ਏਕੜ ਜ਼ਮੀਨ ਹੈ ਅਤੇ ਆਰਥਿਕ ਤੰਗਦਸਤੀ ਕਾਰਨ ਉਹ ਅਜਿਹੇ ਖ਼ਰਚੇ ਕਰਨ ਤੋਂ ਅਸਮਰੱਥ ਸਨ ਹਾਲਾਂਕਿ ਉਨ੍ਹਾਂ ਨੇ ਪੁੱਤਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਮਾਪੇ 30 ਮਈ ਨੂੰ ਨੌਜਵਾਨ ਨੂੰ ਲੈ ਕੇ ਸਿੱਦੀਪੇਟ ਗਏ ਅਤੇ ਇੱਕ ਹੋਰ ਕਾਰ ਖਰੀਦਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਬਾਅਦ ਦੁਪਹਿਰ ਨੂੰ ‘ਜ਼ਹਿਰੀਲਾ’ ਪਦਾਰਥ ਖਾ ਲਿਆ। -ਪੀਟੀਆਈ