ਡੰਕੀ ਲਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸਿਕੋ ’ਚ ਮੌਤ
ਡੰਕੀ ਲਾ ਕੇ ਅਮਰੀਕਾ ਜਾ ਰਹੇ ਇੱਥੋਂ ਨੇੜਲੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ...
ਡੰਕੀ ਲਾ ਕੇ ਅਮਰੀਕਾ ਜਾ ਰਹੇ ਇੱਥੋਂ ਨੇੜਲੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਮਰੀਕਾ ਜਾਣ ਲਈ ਉਸ ਨੇ ਟਰੈਵਲ ਏਜੰਟਾਂ ਨੂੰ 37 ਲੱਖ ਰੁਪਏ ਦਿੱਤੇ ਸਨ। ਉਸ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਦੀਪ ਪਿਛਲੇ ਸਾਲ ਜੁਲਾਈ ਵਿੱਚ ਏਜੰਟ ਰਾਹੀਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਇਹ ਸੌਦਾ 33 ਲੱਖ ਰੁਪਏ ਵਿੱਚ ਤੈਅ ਹੋਇਆ ਸੀ, ਜਦੋਂ ਉਹ ਮੈਕਸਿਕੋ ਪਹੁੰਚਿਆ ਤਾਂ ਏਜੰਟਾਂ ਨੇ ਉਸ ਨੂੰ ਇੱਕ ਸਾਲ ਤੱਕ ਇੱਕ ਕਮਰੇ ਵਿੱਚ ਭੁੱਖਾ-ਪਿਆਸਾ ਬੰਦ ਰੱਖਿਆ। ਇਸ ਦੌਰਾਨ ਏਜੰਟਾਂ ਨੇ ਚਾਰ ਲੱਖ ਰੁਪਏ ਹੋਰ ਮੰਗੇ, ਜੋ ਪਰਿਵਾਰ ਨੇ ਮਜਬੂਰੀ ’ਚ ਭੇਜ ਦਿੱਤੇ। ਪਰਿਵਾਰ ਨੂੰ ਸ਼ਨਿਚਰਵਾਰ ਨੂੰ ਹਰਦੀਪ ਦੀ ਮੌਤ ਬਾਰੇ ਪਤਾ ਲੱਗਾ। ਹਰਦੀਪ ਦੀ ਸੋਸ਼ਲ ਮੀਡੀਆ ’ਤੇ ਵੀਡਿਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਕੁੱਝ ਏਜੰਟਾਂ ਦੇ ਨਾਂ ਲੈ ਕੇ ਠੱਗੀ ਮਾਰਨ ਦਾ ਦੋਸ਼ ਲਾਇਆ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਮੁਹਾਲੀ ਦੇ ਐੱਸ ਐੱਸ ਪੀ ਹਰਮਨ ਹਾਂਸ ਤੋਂ ਇਨ੍ਹਾਂ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ। ਉਸ ਨੇ ਕਿਹਾ ਕਿ ਸੀ ਕਿ ਜੇ ਉਸ ਨੂੰ ਕੁੱਝ ਹੁੰਦਾ ਹੈ ਤਾਂ ਇਹੀ ਏਜੰਟ ਜ਼ਿੰਮੇਵਾਰ ਹੋਣਗੇ। ਪਰਿਵਾਰ ਹੁਣ ਉਸ ਦੀ ਦੇਹ ਭਾਰਤ ਲਿਆਉਣ ਲਈ ਚਾਰਾਜੋਈ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸੰਧੀ ਭਾਰਤ ਸਰਕਾਰ ਕੋਲੋਂ ਵੀ ਮਦਦ ਮੰਗੀ ਹੈ। ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਹਰਦੀਪ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਟਰੈਵਲ ਏਜੰਟ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਭਾਂਖਰਪੁਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।