DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਨੀਆ ਨੂੰ ਵੱਡੇ ਪੱਧਰ ’ਤੇ ਕਾਰਜ ਬਲ ਦੀ ਲੋੜ: ਜੈਸ਼ੰਕਰ

ਬੇਯਕੀਨੀ ਦੇ ਮਾਹੌਲ ਦਰਮਿਆਨ ਨਵੇਂ ਵਪਾਰ ਪ੍ਰਬੰਧ ੳੁਭਰ ਕੇ ਸਾਹਮਣੇ ਆੳੁਣ ਦਾ ਕੀਤਾ ਦਾਅਵਾ

  • fb
  • twitter
  • whatsapp
  • whatsapp
featured-img featured-img
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕਰਦੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਨੂੰ ਵੱਡੇ ਪੱਧਰ ’ਤੇ ਕਾਰਜਬਲ ਦੀ ਲੋੜ ਹੋਵੇਗੀ ਅਤੇ ਬੇਯਕੀਨੀ ਦੇ ਮਾਹੌਲ ਦੇ ਬਾਵਜੂਦ ਨਵੇਂ ਵਪਾਰ ਪ੍ਰਬੰਧ ਉਭਰ ਕੇ ਸਾਹਮਣੇ ਆਉਣਗੇ। ਜੈਸ਼ੰਕਰ ਨੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਪ੍ਰੋਗਰਾਮ ਦੌਰਾਨ ਆਲਮੀ ਗਿਣਤੀਆਂ-ਮਿਣਤੀਆਂ ’ਚ ਬਦਲਾਅ ਦਰਮਿਆਨ ਆਰਥਿਕ ਸਬੰਧਾਂ ’ਚ ਵਿਭਿੰਨਤਾ ਲਿਆਉਣ ਲਈ ਲਾਤੀਨੀ ਅਮਰੀਕਾ ਅਤੇ ਕੈਰੇਬਿਆਈ ਮੁਲਕਾਂ ਨਾਲ ਭਾਰਤ ਦੇ ਵਧਦੇ ਰਿਸ਼ਤਿਆਂ ਬਾਰੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ, ‘‘ਦੁਨੀਆ ’ਚ ਜਿਹੜਾ ਮਰਜ਼ੀ ਮਾਹੌਲ ਹੋਵੇ, ਵਪਾਰ ਆਪਣਾ ਰਾਹ ਬਣਾਉਂਦਾ ਰਹੇਗਾ। ਅਸੀਂ ਨਵੇਂ ਵਪਾਰ ਪ੍ਰਬੰਧ, ਤਕਨਾਲੋਜੀ, ਕੁਨੈਕਟੀਵਿਟੀ ਅਤੇ ਕੰਮ ਦੇ ਸਥਾਨ ਦੇ ਮਾਡਲ ਦੇਖਾਂਗੇ ਜੋ ਘੱਟ ਸਮੇਂ ’ਚ ਆਲਮੀ ਮਾਹੌਲ ਨੂੰ ਬਹੁਤ ਵੱਖਰਾ ਬਣਾ ਦੇਣਗੇ।’’ ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ ਲਾਤਿਨ ਅਮਰੀਕਾ ਅਤੇ ਕੈਰੇਬਿਆਈ ਮੁਲਕਾਂ ਦੇ ਸੰਪਰਕ ’ਚ ਹੈ ਅਤੇ ਉਹ ‘ਵਪਾਰ ਤੇ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਦਾ ਟੀਚਾ ਰਖਦਾ ਹੈ।’ ਉਨ੍ਹਾਂ ਕਿਹਾ ਕਿ ਆਰਥਿਕ ਅਤੇ ਸਮਾਜਿਕ ਪ੍ਰਗਤੀ ਨੂੰ ਹੱਲਾਸ਼ੇਰੀ ਦੇਣਾ ਅਤੇ ਸਮੂਹਿਕ ਆਤਮ-ਨਿਰਭਰਤਾ ਹਾਸਲ ਕਰਨਾ ਹੈ ਨਾ ਕਿ ਵਿਕਸਤ ਮੁਲਕਾਂ ’ਤੇ ਨਿਰਭਰ ਰਹਿਣਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਆਲਮੀ ਦੱਖਣ ਦੇ ਸਹਿਯੋਗ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਜੈਸ਼ੰਕਰ ਦੀ ਇਹ ਟਿੱਪਣੀ ਅਮਰੀਕਾ ਦੇ ਐੱਚ-1ਬੀ ਵੀਜ਼ਾ ਫੀਸ ਵਧਾ ਕੇ ਸਾਲਾਨਾ ਇਕ ਲੱਖ ਡਾਲਰ ਕੀਤੇ ਜਾਣ ਅਤੇ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਵਸਤਾਂ ’ਤੇ ਵਾਧੂ ਟੈਰਿਫ ਲਗਾਏ ਜਾਣ ਦਰਮਿਆਨ ਆਈ ਹੈ। ਐੱਚ-1ਬੀ ਵੀਜ਼ਾਧਾਰਕਾਂ ’ਚ ਭਾਰਤੀ ਮਾਹਿਰਾਂ ਦੀ ਹਿੱਸੇਦਾਰੀ ਲਗਭਗ 71 ਫ਼ੀਸਦੀ (2.8 ਲੱਖ ਤੋਂ ਵੱਧ) ਅਤੇ ਚੀਨੀ ਮਾਹਿਰਾਂ ਦੀ ਹਿੱਸੇਦਾਰੀ ਕਰੀਬ 11.7 ਫ਼ੀਸਦ (46,600) ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਰੱਖਿਆ ਅਤੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਅਤਿਵਾਦ ਲਈ ਜ਼ੀਰੋ ਸਹਿਣਸ਼ੀਲਤਾ, ਸਾਡੀਆਂ ਸਰਹੱਦਾਂ ਦੀ ਮਜ਼ਬੂਤ ​​ਸੁਰੱਖਿਆ, ਵੱਖ-ਵੱਖ ਦੇਸ਼ਾਂ ਨਾਲ ਭਾਈਵਾਲੀ ਅਤੇ ਵਿਦੇਸ਼ਾਂ ਵਿੱਚ ਸਾਡੇ ਭਾਈਚਾਰਿਆਂ ਦੀ ਸਹਾਇਤਾ ਕਰਨਾ ਮੁੱਖ ਮਕਸਦ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਆਪਣੀ ਮਰਜ਼ੀ ਨਾਲ ਫੈਸਲਾ ਲਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸਮਕਾਲੀ ਵਿਸ਼ਵ ਵਿਚ ਤਿੰਨ ਪ੍ਰਮੁੱਖ ਸਿਧਾਂਤਾਂ ‘ਸਵੈ-ਨਿਰਭਰਤਾ’, ‘ਸਵੈ-ਰੱਖਿਆ’ ਤੇ ‘ਸਵੈ-ਵਿਸ਼ਵਾਸ’ ਨਾਲ ਅੱਗੇ ਵਧ ਰਿਹਾ ਹੈ। ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਆਖੀਆਂ। ਉਨ੍ਹਾਂ ਆਲਮੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਵੇਂ ਇਹ ਮੈਨੂਫੈਕਚਰਿੰਗ ਖੇਤਰ ਹੋਵੇ, ਪੁਲਾੜ ਪ੍ਰੋਗਰਾਮ, ਫਾਰਮਾਸਿਊਟੀਕਲ ਉਤਪਾਦਨ, ਜਾਂ ਡਿਜੀਟਲ ਐਪਲੀਕੇਸ਼ਨਾਂ ਹੋਣ, ਅਸੀਂ ਪਹਿਲਾਂ ਹੀ ਨਤੀਜੇ ਦੇਖ ਰਹੇ ਹਾਂ। ਭਾਰਤ ਵਿੱਚ ਨਿਰਮਾਣ ਅਤੇ ਨਵੀਨਤਾ ਦਾ ਲਾਭ ਪੂਰੀ ਦੁਨੀਆ ਨੂੰ ਮਿਲ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਆਲਮੀ ਦੱਖਣ ਦੀ ਆਵਾਜ਼ ਬਣੇਗਾ। ਜੈਸ਼ੰਕਰ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਜੰਗਾਂ ਦੇ ਸਬੰਧ ’ਚ ਕਿਹਾ, ‘‘ਸਾਡੇ ਵਿੱਚੋਂ ਹਰੇਕ ਕੋਲ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਹੈ। ਟਕਰਾਅ ਦੇ ਮਾਮਲੇ, ਖਾਸ ਕਰਕੇ ਯੂਕਰੇਨ ਅਤੇ ਗਾਜ਼ਾ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਾ ਹੋਣ ਵਾਲੇ ਦੇਸ਼ਾਂ ਨੇ ਵੀ ਟਕਰਾਅ ਦਾ ਅਸਰ ਮਹਿਸੂਸ ਕੀਤਾ ਹੈ।’’

ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਹੜੇ ਦੇਸ਼ ਸਾਰੀਆਂ ਧਿਰਾਂ ਨਾਲ ਕੰਮ ਕਰ ਸਕਦੇ ਹਨ, ਉਨ੍ਹਾਂ ਨੂੰ ਹੱਲ ਲੱਭਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਸ਼ਮਣੀ ਖਤਮ ਕਰਨ ਦਾ ਸੱਦਾ ਦਿੰਦਾ ਹੈ ਅਤੇ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨ ਵਾਲੀ ਕਿਸੇ ਵੀ ਪਹਿਲ ਦੀ ਹਮਾਇਤ ਕਰੇਗਾ। ਉਨ੍ਹਾਂ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਦੇ ਮਾਮਲੇ ’ਚ ਕਿਹਾ ਕਿ ਕਿਸੇ ਖਾਸ ਬਾਜ਼ਾਰ ’ਤੇ ਨਿਰਭਰਤਾ ਤੋਂ ਬਚਣਾ ਬਹੁਤ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। -ਪੀਟੀਆਈ

Advertisement

ਜੈਸ਼ੰਕਰ ਦੇ ਭਾਸ਼ਣ ਬਾਰੇ ਪਾਕਿਸਤਾਨ ਦਾ ਜਵਾਬ ‘ਅਤਿਵਾਦ ਦਾ ਕਬੂਲਨਾਮਾ’: ਭਾਰਤ

ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਅਤਿਵਾਦ ਬਾਰੇ ਭਾਸ਼ਣ ਨੂੰ ਲੈ ਕੇ ਦਿੱਤੀ ਪ੍ਰਤੀਕਿਰਿਆ ਲਈ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਗੁਆਂਢੀ ਮੁਲਕ ਦਾ ਜਵਾਬ ਸਰਹੱਦ ਪਾਰ ਅਤਿਵਾਦ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਲੰਬੇ ਸਮੇਂ ਦੇ ਇਤਿਹਾਸ ਨੂੰ ਸਵੀਕਾਰ ਕਰਨ ਦੇ ਬਰਾਬਰ ਹੈ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ ਕਿਹਾ, ‘‘ਦੁਨੀਆ ਵਿੱਚ ਸਭ ਤੋਂ ਵੱਡੇ ਅਤਿਵਾਦੀ ਹਮਲੇ ਉਸੇ ਇੱਕ ਦੇਸ਼ ਨਾਲ ਜੁੜੇ ਹੋਏ ਹਨ, ਜੋ ਵਿਸ਼ਵਵਿਆਪੀ ਅਤਿਵਾਦ ਦਾ ਕੇਂਦਰ ਹੈ।’’ ਜੈਸ਼ੰਕਰ ਦੇ ਸੰਬੋਧਨ ਤੋਂ ਬਾਅਦ ਪਾਕਿਸਤਾਨ ਨੇ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਭਾਰਤ ’ਤੇ ਅਤਿਵਾਦ ਬਾਰੇ ‘ਝੂਠੇ ਦੋਸ਼’ ਲਗਾ ਕੇ ‘ਪਾਕਿਸਤਾਨ ਦੀ ਦਿੱਖ ਨੂੰ ਖਰਾਬ ਕਰਨ’ ਦਾ ਦੋਸ਼ ਲਗਾਇਆ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਦੂਜੇ ਸਕੱਤਰ ਰੇਂਤਲਾ ਸ੍ਰੀਨਿਵਾਸ ਨੇ ਕਿਹਾ ਕਿ ਪਾਕਿਸਤਾਨ ਦੀ ਸਾਖ਼ ਬਹੁਤ ਕੁਝ ਦੱਸਦੀ ਹੈ ਅਤੇ ਉਸ ਦੇ ਅਤਿਵਾਦੀ ਪ੍ਰਭਾਵ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਸਪੱਸ਼ਟ ਹਨ। -ਪੀਟੀਆਈ

ਭਾਰਤ ਤੇ ਬ੍ਰਾਜ਼ੀਲ ਜਿਹੇ ਮੁਲਕਾਂ ਨੂੰ ‘ਸੁਧਾਰਨਾ’ ਪਵੇਗਾ: ਲੁਟਨਿਕ

ਨਵੀਂ ਦਿੱਲੀ (ਉਜਵਲ ਜਲਾਲੀ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਵਣਜ ਮੰਤਰੀ ਪਿਯੂਸ਼ ਗੋਇਲ ਵੱਲੋਂ ਵਪਾਰ ਅਤੇ ਟੈਰਿਫ ਬਾਰੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਵਿਚਾਰ ਵਟਾਂਦਰਾ ਕੀਤੇ ਜਾਣ ਦੇ ਕੁਝ ਦਿਨਾਂ ਮਗਰੋਂ ਹੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੀਨੀਅਰ ਸਾਥੀ ਹਾਵਰਡ ਲੁਟਨਿਕ ਨੇ ਤਿੱਖਾ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਨੂੰ ‘ਸੁਧਾਰਨ’ ਦੀ ਲੋੜ ਹੈ। ਅਮਰੀਕੀ ਵਣਜ ਮੰਤਰੀ ਲੁਟਨਿਕ ਨੇ ਕਿਹਾ, ‘‘ਭਾਰਤ ਵਰਗੇ ਮੁਲਕਾਂ ਨੂੰ ਅਮਰੀਕਾ ਪ੍ਰਤੀ ਸਹੀ ਰਵੱਈਆ ਅਪਣਾਉਣਾ ਚਾਹੀਦਾ ਹੈ। ਭਾਰਤ ਨੂੰ ਆਪਣੇ ਬਾਜ਼ਾਰ ਖੋਲ੍ਹਣੇ ਚਾਹੀਦੇ ਹਨ ਅਤੇ ਅਜਿਹੇ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ ਜੋ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ।’’ ਉਂਝ ਲੁਟਨਿਕ ਨੇ ਕਿਹਾ ਕਿ ਸਮੇਂ ਦੇ ਨਾਲ ਭਾਰਤ ਸਮੇਤ ਹੋਰ ਮੁਲਕਾਂ ਨਾਲ ਵਪਾਰਕ ਮਸਲੇ ਸੁਲਝਾ ਲਏ ਜਾਣਗੇ। ਲੁਟਨਿਕ ਨੇ ਕਿਹਾ ਕਿ ਭਾਰਤ, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਵਰਗੇ ਕਈ ਅਜਿਹੇ ਮੁਲਕ ਹਨ ਜਿਨ੍ਹਾਂ ਨੂੰ ‘ਸੁਧਾਰਨਾ’ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਅਜਿਹੇ ਮੁਲਕਾਂ ਨਾਲ ਮਤਭੇਦ ਹਨ। ਲੁਟਨਿਕ ਨੇ ਕਿਹਾ ਕਿ ਮੁਲਕਾਂ ਨੂੰ ਸਮਝਣਾ ਹੋਵੇਗਾ ਕਿ ਜੇ ਉਹ ਅਮਰੀਕੀ ਖਪਤਕਾਰਾਂ ਨੂੰ ਵਸਤਾਂ ਵੇਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਤਾਲਮੇਲ ਬਣਾਉਣਾ ਹੋਵੇਗਾ। ਲੁਟਨਿਕ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਰੂਸੀ ਤੇਲ ਖ਼ਰੀਦਣ ਕਾਰਨ ਅਮਰੀਕਾ ਨੇ ਭਾਰਤ ’ਤੇ 25 ਫ਼ੀਸਦ ਵਾਧੂ ਟੈਰਿਫ ਲਗਾਇਆ ਹੈ ਅਤੇ ਐੱਚ-1ਬੀ ਵਰਕ ਪਰਮਿਟਾਂ ਲਈ ਫੀਸ ਵਧਾ ਦਿੱਤੀ ਹੈ ਜਿਸ ਕਾਰਨ ਭਾਰਤੀ ਆਈਟੀ ਕੰਪਨੀਆਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

ਭਾਰਤ-ਅਮਰੀਕਾ ਸਬੰਧ ਭਾਰਤ-ਰੂਸ ਸਬੰਧਾਂ ਲਈ ਪੈਮਾਨਾ ਨਹੀਂ: ਲਾਵਰੋਵ

ਸੰਯੁਕਤ ਰਾਸ਼ਟਰ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਮਾਸਕੋ, ਭਾਰਤ ਦੇ ਕੌਮੀ ਹਿੱਤਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਪਣਾਈ ਜਾ ਰਹੀ ਆਜ਼ਾਦਾਨਾ ਵਿਦੇਸ਼ ਨੀਤੀ ਦਾ ਸਨਮਾਨ ਕਰਦਾ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਨਵੀਂ ਦਿੱਲੀ ਦੇ ਸਬੰਧ ਭਾਰਤ-ਰੂਸ ਸਬੰਧਾਂ ਲਈ ਪੈਮਾਨਾ ਨਹੀਂ ਹੋ ਸਕਦੇ। ਉੱਚ ਪੱਧਰੀ ਆਮ ਚਰਚਾ ’ਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸੰਬੋਧਨ ਤੋਂ ਕੁਝ ਸਮਾਂ ਪਹਿਲਾਂ ਲਾਵਰੋਵ ਨੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਨ ਕੀਤਾ। ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ‘ਵਿਸ਼ੇਸ਼ ਰਣਨੀਤਕ ਭਾਈਵਾਲੀ’ ਹੈ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਨਵੀਂ ਦਿੱਲੀ ਦੀਆਂ ਸਥਿਤੀਆਂ ਨੂੰ ਉਹ ਭਾਰਤ ਤੇ ਰੂਸ ਦਰਮਿਆਨ ਸਬੰਧਾਂ ਦਾ ਪੈਮਾਨਾ ਨਹੀਂ ਮੰਨ ਸਕਦੇ। ਲਾਵਰੋਵ ਨੇ ਇਹ ਟਿੱਪਣੀ ਇਸ ਸਵਾਲ ਕਿ ਅਮਰੀਕਾ ਵੱਲੋਂ ਵੱਖ-ਵੱਖ ਮੁਲਕਾਂ ’ਤੇ ਰੂਸੀ ਤੇਲ ਦੀ ਖਰੀਦ ਘਟਾਉਣ ਲਈ ਦਬਾਅ ਪਾਉਣ ਦੇ ਬਾਵਜੂਦ ਭਾਰਤ ਨੇ ਉਥੋਂ ਤੇਲ ਦਰਾਮਦ ਜਾਰੀ ਰੱਖੀ ਅਤੇ ਇਸ ਦੇ ਮੱਦੇਨਜ਼ਰ ਮਾਸਕੋ, ਨਵੀਂ ਦਿੱਲੀ ਨਾਲ ਆਪਣੇ ਸਬੰਧਾਂ ਨੂੰ ਕਿਵੇਂ ਦੇਖਦਾ ਹੈੈ?, ਦੇ ਜਵਾਬ ’ਚ ਕੀਤੀ। ਲਾਵਰੋਵ ਨੇ ਆਖਿਆ, ‘‘ਅਸੀਂ ਭਾਰਤ ਦੇ ਹਿੱਤਾਂ ਦਾ ਸਨਮਾਨ ਕਰਦੇ ਹਾਂ ਅਤੇ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਵੱਲੋਂ ਇਨ੍ਹਾਂ ਕੌਮੀ ਹਿੱਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਅਪਣਾਈ ਜਾ ਰਹੀ ਵਿਦੇਸ਼ ਨੀਤੀ ਦਾ ਵੀ ਪੂਰਾ ਸਨਮਾਨ ਕਰਦੇ ਹਾਂ।’’ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਤੇ ਰੂਸ ਨੇ ਨਿਯਮਿਤ ਰੂਪ ’ਚ ਉੱਚ ਪੱਧਰੀ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਸੰਬਰ ਮਹੀਨੇ ਭਾਰਤ ਦੌਰੇ ’ਤੇ ਜਾ ਸਕਦੇ ਹਨ। -ਪੀਟੀਆਈ

Advertisement
×