DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ

ਦੱਖਣੀ ਏਸ਼ੀਆ ’ਚ ਸ਼ਾਂਤੀ ਅਤੇ ਸਥਿਰਤਾ ਲਈ ਵਾਰਤਾ ’ਤੇ ਦਿੱਤਾ ਜ਼ੋਰ
  • fb
  • twitter
  • whatsapp
  • whatsapp
featured-img featured-img
ਡੋਨਲਡ ਟਰੰਪ, ਕੀਰ ਸਟਾਰਮਰ, ਅੰਤੋਂਨੀਓ ਗੁਟੇਰੇਜ਼, ਰਿਸ਼ੀ ਸੂਨਕ
Advertisement

ਵਾਸ਼ਿੰਗਟਨ/ਮਾਸਕੋ/ਲੰਡਨ, 7 ਮਈ

ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕੀ ਰਾਸ਼ਟਰਪਤੀ ਸਮੇਤ ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਦਾ ਸੱਦਾ ਦਿੰਦਿਆਂ ਆਸ ਜਤਾਈ ਕਿ ਖ਼ਿੱਤੇ ’ਚ ਹਮਲਾਵਰ ਰਵੱਈਏ ਨੂੰ ਬਹੁਤ ਛੇਤੀ ਠੱਲ੍ਹ ਪਵੇਗੀ। ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ ਨੂੰ ਵੱਧ ਤੋਂ ਵੱਧ ਸੰਜਮ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੁਨੀਆ ਦੋਵੇਂ ਮੁਲਕਾਂ ਵਿਚਕਾਰ ਇਕ ਹੋਰ ਫੌਜੀ ਟਕਰਾਅ ਨੂੰ ਸਹਿਣ ਨਹੀਂ ਕਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ, ‘‘ਇਹ ਸ਼ਰਮਨਾਕ ਹੈ। ਮੈਂ ਜਦੋਂ ਓਵਲ ਦਫ਼ਤਰ ਵੱਲ ਜਾ ਰਿਹਾ ਹਾਂ ਤਾਂ ਮੈਨੂੰ ਹਮਲੇ ਦਾ ਪਤਾ ਲੱਗਾ। ਮੈਨੂੰ ਜਾਪਦਾ ਹੈ ਕਿ ਲੋਕ ਜਾਣਦੇ ਸਨ ਕਿ ਬੀਤੇ ਦੀਆਂ ਘਟਨਾਵਾਂ ਨੂੰ ਦੇਖਦਿਆਂ ਕੁਝ ਹੋਣ ਜਾ ਰਿਹਾ ਹੈ। ਦੋਵੇਂ ਮੁਲਕ ਲੰਬੇ ਸਮੇਂ ਤੋਂ ਲੜ ਰਹੇ ਹਨ। ਉਹ ਕਈ ਦਹਾਕਿਆਂ ਅਤੇ ਸਦੀਆਂ ਤੋਂ ਲੜ ਰਹੇ ਹਨ।’’ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਬਹੁਤ ਛੇਤੀ ਹੀ ਤਣਾਅ ਖ਼ਤਮ ਹੋ ਜਾਵੇਗਾ। ਰੂਸ ਨੇ ਵੀ ਦੋਵੇਂ ਮੁਲਕਾਂ ਵਿਚਕਾਰ ਫੌਜੀ ਟਕਰਾਅ ਵਧਣ ’ਤੇ ਡੂੰਘੀ ਚਿੰਤਾ ਜਤਾਈ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਪਹਿਲਗਾਮ ’ਚ ਦਹਿਸ਼ਤੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਨੂੰ ਲੈ ਕੇ ਮੁਲਕ ਚਿੰਤਾ ’ਚ ਹੈ। ਉਨ੍ਹਾਂ ਕਿਹਾ, ‘‘ਅਸੀਂ ਆਸ ਕਰਦੇ ਹਾਂ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਮਤਭੇਦ 1972 ਦੇ ਸ਼ਿਮਲਾ ਸਮਝੌਤੇ ਅਤੇ 1999 ਦੇ ਲਾਹੌਰ ਐਲਾਨਨਾਮੇ ਮੁਤਾਬਕ ਸ਼ਾਂਤੀਪੂਰਵਕ, ਸਿਆਸੀ ਅਤੇ ਕੂਟਨੀਤਕ ਢੰਗ ਨਾਲ ਸੁਲਝਾ ਲਏ ਜਾਣਗੇ।’’ ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਦੇ ਵਡੇਰੇ ਹਿੱਤਾਂ ਖ਼ਾਤਰ ਵੱਧ ਤੋਂ ਵੱਧ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਮੌਜੂਦਾ ਹਾਲਾਤ ਬਾਰੇ ਫਿਕਰਮੰਦ ਹਾਂ। ਭਾਰਤ ਅਤੇ ਪਾਕਿਸਤਾਨ ਇਕ-ਦੂਜੇ ਦੇ ਗੁਆਂਢੀ ਹਨ। ਉਹ ਸਾਡੇ ਵੀ ਗੁਆਂਢੀ ਹਨ। ਅਸੀਂ ਦੋਵੇਂ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਾਲਾਤ ਨੂੰ ਹੋਰ ਗੁੰਝਲਦਾਰ ਬਣਾਉਣ ਲਈ ਕਾਰਵਾਈਆਂ ਤੋਂ ਗੁਰੇਜ਼ ਕਰਨ।’’ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਤਣਾਅ ਵਧਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਅਪੀਲ ਕੀਤੀ ਕਿ ਭਾਰਤ ਤੇ ਪਾਕਿਸਤਾਨ ਸੰਜਮ ਦਿਖਾਉਂਦਿਆਂ ਸਿੱਧੀ ਵਾਰਤਾ ਕਰਨ। ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਦਹਿਸ਼ਤੀ ਢਾਂਚਿਆਂ ’ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਕੋਈ ਵੀ ਮੁਲਕ ਆਪਣੇ ਕਬਜ਼ੇ ਵਾਲੇ ਇਲਾਕੇ ’ਤੇ ਦਹਿਸ਼ਤੀ ਹਮਲਿਆਂ ਨੂੰ ਸਵੀਕਾਰ ਨਹੀਂ ਕਰ ਸਕਦਾ ਹੈ।’’ ਸਕੌਟਲੈਂਡ ਦੇ ਮੰਤਰੀ ਜੌਹਨ ਸਵਿਨੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੂੰ ਸ਼ਾਂਤ ਰਹਿ ਕੇ ਵਾਰਤਾ ਰਾਹੀਂ ਟਕਰਾਅ ਨੂੰ ਟਾਲਣਾ ਚਾਹੀਦਾ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਕਿਹਾ ਕਿ ਆਮ ਨਾਗਰਿਕਾਂ ਦੀ ਰੱਖਿਆ ਕਰਦਿਆਂ ਤਣਾਅ ਨੂੰ ਹੋਰ ਵਧਣ ਤੋਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਸੰਪਰਕ ’ਚ ਹਨ। ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ਼ ਅਬਦੁੱਲਾ ਬਿਨ ਜ਼ਾਯੇਦ ਅਲ ਨਾਹਯਾਨ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਦੇ ਮੁਲਕ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਅਤੇ ਤਣਾਅ ਘਟਾਉਣ ਲਈ ਆਖਿਆ ਹੈ ਤਾਂ ਜੋ ਖੇਤਰੀ ਅਤੇ ਕੌਮਾਂਤਰੀ ਸ਼ਾਂਤੀ ਨੂੰ ਖ਼ਤਰਾ ਪੈਦਾ ਨਾ ਹੋਵੇ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। -ਪੀਟੀਆਈ

Advertisement

ਚੀਨ ਵੱਲੋਂ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਦਾ ਸੱਦਾ

ਪੇਈਚਿੰਗ: ਚੀਨ ਨੇ ਅੱਜ ਭਾਰਤ ਅਤੇ ਪਾਕਿਸਤਾਨ ਨੂੰ ਖੇਤਰ ਵਿੱਚ ‘ਸ਼ਾਂਤੀ ਅਤੇ ਸਥਿਰਤਾ ਦੇ ਵਿਆਪਕ ਹਿੱਤਾਂ’ ਨੂੰ ਧਿਆਨ ਵਿੱਚ ਰੱਖਦਿਆਂ ਸੰਜਮ ਵਰਤਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਤਣਾਅ ਘੱਟ ਕਰਨ ਵਿੱਚ ‘ਰਚਨਾਤਮਕ ਭੂਮਿਕਾ’ ਨਿਭਾਏਗਾ। ਅਪਰੇਸ਼ਨ ਸਿੰਧੂਰ ਤਹਿਤ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਕਿਹਾ, ‘ਅਸੀਂ ਮੌਜੂਦਾ ਸਥਿਤੀ ਬਾਰੇ ਚਿੰਤਤ ਹਾਂ। ਭਾਰਤ ਅਤੇ ਪਾਕਿਸਤਾਨ ਇੱਕ-ਦੂਜੇ ਦੇ ਗੁਆਂਢੀ ਹਨ ਅਤੇ ਹਮੇਸ਼ਾ ਰਹਿਣਗੇ। ਇਹ ਦੋਵੇਂ ਚੀਨ ਦੇ ਗੁਆਂਢੀ ਵੀ ਹਨ।’ ਪਹਿਲਗਾਮ ਅਤਿਵਾਦੀ ਹਮਲੇ ਦੇ ਸਪੱਸ਼ਟ ਹਵਾਲੇ ਨਾਲ ਉਨ੍ਹਾਂ ਕਿਹਾ, ‘ਚੀਨ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ। ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਵਿਆਪਕ ਹਿੱਤਾਂ ਨੂੰ ਧਿਆਨ ਵਿੱਚ ਰੱਖਣ, ਸ਼ਾਂਤ ਰਹਿਣ, ਸੰਜਮ ਵਰਤਣ ਅਤੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅੱਜ ਸਵੇਰੇ ਭਾਰਤ ਵੱਲੋਂ ਕੀਤੀ ਗਈ ਫ਼ੌਜੀ ਕਾਰਵਾਈ ਚੀਨ ਦੀਆਂ ਨਜ਼ਰਾਂ ਵਿੱਚ ਅਫਸੋਸਨਾਕ ਹੈ।’ -ਪੀਟੀਆਈ

Advertisement
×