ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਸੁਫਨਾ ਪੂਰਾ ਕਰਨ ਲਈ ਮਹਿਲਾਵਾਂ ਸਮੇਤ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਰਾਸ਼ਟਰਪਤੀ ਇੱਥੇ ਪਤੰਜਲੀ ਯੂਨੀਵਰਸਿਟੀ ਦੀ ਦੂਜੀ ਕਾਨਵੋਕੇਸ਼ਨ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ ਹੋਏ ਸਨ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਇੱਥੇ ਸਿੱਖਿਆ ਹਾਸਲ ਕਰ ਰਹੇ ਕੁੱਲ ਵਿਦਿਆਰਥੀਆਂ ’ਚੋਂ 62 ਫੀਸਦ ਤੇ ਅੱਜ ਡਿਗਰੀ ਹਾਸਲ ਕਰਨ ਵਾਲਿਆਂ ’ਚੋਂ 64 ਫੀਸਦ ਵਿਦਿਆਰਥਣਾਂ ਹਨ; ਤਗ਼ਮੇ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਚਾਰ ਗੁਣਾਂ ਹੈ। ਉਨ੍ਹਾਂ ਕਿਹਾ, ‘‘ਇਹ ਸਿਰਫ਼ ਗਿਣਤੀ ਨਹੀਂ, ਇਹ ਔਰਤਾਂ ਦੀ ਅਗਵਾਈ ਹੇਠ ਅੱਗੇ ਵਧਦੇ ਵਿਕਸਿਤ ਭਾਰਤ ਦਾ ਸੰਕੇਤ ਹੈ। ਨਾਲ ਹੀ ਇਹ ਭਾਰਤੀ ਸੱਭਿਆਚਾਰ ਦੀ ਉਸ ਵਿਰਾਸਤ ਦਾ ਹਿੱਸਾ ਹੈ ਜਿਸ ’ਚ ਗਾਰਗੀ, ਮੈਤ੍ਰੇਈ, ਅਪਾਲਾ ਤੇ ਲੋਪਾਮੁਦਰਾ ਜਿਹੀਆਂ ਔਰਤਾਂ ਸਮਾਜ ਦੀ ਬੌਧਿਕ ਤੇ ਅਧਿਆਤਮਿਕ ਅਗਵਾਈ ਕਰਦੀਆਂ ਸਨ। ਮੈਨੂੰ ਭਰੋਸਾ ਹੈ ਕਿ ਸਾਡੀਆਂ ਧੀਆਂ ਆਪਣੀ ਅੰਦਰੂਨੀ ਤਾਕਤ ਤੇ ਹੁਨਰ ਨਾਲ ਭਾਰਤ ਮਾਤਾ ਦਾ ਮਾਣ ਵਧਾਉਣਗੀਆਂ।’’ ਉਨ੍ਹਾਂ ਕਿਹਾ ਕਿ ਦੇਸ਼ ਦੀ 140 ਕਰੋੜ ਦੀ ਆਬਾਦੀ ’ਚੋਂ 50 ਫੀਸਦ ਔਰਤਾਂ ਹਨ ਤਾਂ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਜੇ ਸਿਰਫ਼ ਲੜਕੇ ਕੋਸ਼ਿਸ਼ਾਂ ਕਰਨਗੇ ਤੇ ਧੀਆਂ ਪਿੱਛੇ ਰਹਿ ਜਾਣਗੀਆਂ ਤਾਂ ਵਿਕਸਿਤ ਭਾਰਤ ਦਾ ਸੁਫਨਾ ਅਧੂਰਾ ਰਹਿ ਜਾਵੇਗਾ। ਰਾਸ਼ਟਰਪਤੀ ਨੇ ਯੋਗ, ਆਯੂਰਵੈਦ ਤੇ ਕੁਦਰਤੀ ਇਲਾਜ ਦੇ ਪ੍ਰਚਾਰ-ਪਸਾਰ ’ਚ ਪਤੰਜਲੀ ਯੂਨੀਵਰਸਿਟੀ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

